ਕਿਸੇ ਨੂੰ ਵੀ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ
68 ਵਾਹਨਾਂ ਦੀ ਕੀਤੀ ਗਈ ਜਾਂਚ, 50 ਵਾਹਨਾਂ ਦੇ ਕੱਟੇ ਚਲਾਨ, 18 ਕੀਤੇ ਜ਼ਬਤ
ਐਸ. ਏ. ਐਸ. ਨਗਰ, 17 ਫ਼ਰਵਰੀ 2020: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਕੂਲੀ ਬੱਚਿਆਂ ਨੂੰ ਲਿਜਾਣ ਲਈ ਵਰਤੀਆਂ ਜਾਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਦੀ ਜਾਂਚ ਸਬੰਧੀ ਸੂਬਾ ਪੱਧਰੀ ਕਾਰਵਾਈ ਦੇ ਹਿੱਸੇ ਵਜੋਂ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਮੁਹਿੰਮ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਈ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ ਮੁਹਾਲੀ, ਡੇਰਾਬਸੀ ਅਤੇ ਖਰੜ ਵਿੱਚ ਚਲਾਈ ਗਈ। ਆਰ.ਟੀ.ਏ. ਸ੍ਰੀ ਸੁਖਵਿੰਦਰ ਕੁਮਾਰ ਨੇ 25 ਵਾਹਨਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚੋਂ 11 ਨੂੰ ਕਬਜ਼ੇ ਵਿੱਚ ਲੈ ਲਿਆ, ਜਦੋਂਕਿ 14 ਵਾਹਨਾਂ ਦੇ ਚਲਾਨ ਕੱਟੇ ਗਏ। ਐਸ.ਡੀ.ਐਮ. ਖਰੜ ਸ੍ਰੀ ਹਿਮਾਂਸ਼ੂ ਜੈਨ ਨੇ 4 ਵਾਹਨਾਂ ਦੇ ਚਲਾਨ ਕੀਤੇ, ਏ.ਟੀ.ਓ. ਸਿਮਰਨ ਸਰਾਂ ਨੇ 14 ਵਾਹਨਾਂ ਦੇ ਚਲਾਨ ਕੀਤੇ ਅਤੇ ਚਾਰ ਨੂੰ ਕਬਜ਼ੇ ਵਿੱਚ ਲੈ ਲਿਆ। ਐਸ.ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਨੇ 11 ਵਾਹਨਾਂ ਦੇ ਚਲਾਨ ਕੀਤੇ ਜਦੋਂ ਕਿ ਇੱਕ ਨੂੰ ਕਬਜ਼ੇ ਵਿੱਚ ਲੈ ਲਿਆ। ਐਸ.ਡੀ.ਐਮ. ਡੇਰਾਬਸੀ ਸ੍ਰੀ ਕੁਲਦੀਪ ਬਾਵਾ ਨੇ 7 ਵਾਹਨਾਂ ਦੇ ਚਲਾਨ ਕੀਤੇ ਅਤੇ 2 ਨੂੰ ਕਬਜ਼ੇ ਵਿੱਚ ਲੈ ਲਿਆ ।
ਇਸ ਤੋਂ ਇਲਾਵਾ, ਟ੍ਰੈਫਿਕ ਪੁਲਿਸ ਨੇ ਵੀ ਚਲਾਨ ਕੱਟਣ ਦੀ ਮੁਹਿੰਮ ਵੀ ਚਲਾਈ।
ਜ਼ਿਕਰਯੋਗ ਹੈ ਕਿ ਸੇਫ ਸਕੂਲ ਵਾਹਨ ਸਕੀਮ ਕਮੇਟੀ ਨੇ ਜ਼ਿਲ੍ਹੇ ਵਿਚ ਪੈਂਦੇ ਸਕੂਲਾਂ ਦੁਆਰਾ ਵਰਤੇ ਜਾ ਰਹੇ ਵਾਹਨਾਂ ਦੀ ਵੀ ਜਾਂਚ ਕੀਤੀ। ਕਮੇਟੀ ਵਲੋਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ ਕਿ ਸਕੂਲੀ ਬੱਚਿਆਂ ਨੂੰ ਲਿਜਾਣ ਲਈ ਵਰਤੇ ਜਾਂਦੇ ਵਾਹਨ ਵਧੀਆ ਸਥਿਤੀ ਵਿਚ ਹੋਣ ਤੇ ਨਾਲ ਹੀ ਹਰੇਕ ਵਾਹਨ ਵਿੱਚ ਇੱਕ ਸਹਾਇਕ ਜ਼ਰੂਰ ਹੋਵੇ ਜੋ ਵਾਹਨਾਂ ਵਿੱਚ ਲੱਗੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ।