ਹਰੀਸ਼ ਕਾਲੜਾ
ਰੂਪਨਗਰ, 17 ਫਰਵਰੀ 2020: ਆਈ. ਆਈ. ਟੀ ਰੋਪੜ ਵਲੋਂ ਦੋ ਮਹੀਨੇ ਦਾ ਛੋਟੇ ਅੰਤਰਾਲ ਦੇ ਠੋਸ ਕੂੜਾ ਪ੍ਰਬੰਧਨ ਹਿੱਤ ਇੱਕ ਸਰਟੀਫਿਕੇਟ ਕੋਰਸ ਆਯੋਜਿਤ ਕੀਤਾ ਗਿਆ। ਸੰਸਥਾ ਵਲੋਂ ਇਹ ਕੋਰਸ ਹਰਿਤ ਕੌਸ਼ਲ ਵਿਕਾਸ ਪ੍ਰੋਗਰਾਮ ਅਧੀਨ ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਐਂਡ ਤਕਨੋਲੋਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਇਸ ਨੂੰ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲਾ ਵਲੋਂ ਪ੍ਰਾਯੋਜਿਤ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਇਸ ਪਾਠਕ੍ਰਮ ਦੀ ਸ਼ੁਰੂਆਤ ਵਾਤਾਵਰਣ ਸੁਰੱਖਿਆ ਅਤੇ ਬਚਾਅ ਨਾਲ ਸਬੰਧਿਤ ਖੇਤਰਾਂ ਵਿਚ ਫੀਲਡ ਪੱਧਰ ਤੇ ਕਾਰਜ਼ਸ਼ੀਲ ਮਨੁੱਖੀ ਸ਼ਕਤੀ ਨੂੰ ਹੋਰ ਕੁਸ਼ਲ ਬਣਾਉਣ ਅਤੇ ਟਿਕਾਊ ਭਵਿੱਖ ਹਿੱਤ ਵਾਤਾਵਰਣ ਗੁਣਵੱਤਾ ਨੂੰ ਬਹਾਲ ਕਰਨ ਦੇ ਲਈ ਕੀਤੀ ਗਈ ਹੈ। ਇਸ ਪਾਠਕ੍ਰਮ ਦੇ ਲਈ, ਵੱਖ- ਵੱਖ ਪਾਠਕ੍ਰਮ ਪਿਛੋਕੜਾਂ ਅਤੇ ਮੂਲ ਵਾਲੇ 15 ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਜੋ ਕਿ ਇਸ ਖੇਤਰ ਨਾਲ ਸਬੰਧਿਤ ਵਿਚਾਰਾਂ ਅਤੇ ਹਰਿਤ ਕੌਸ਼ਲ ਵਿਕਾਸ ਯੋਜਨਾਵਾਂ ਵਿਚ ਸਰਗਰਮੀ ਨਾਲ ਕਾਰਜ਼ਸ਼ੀਲ ਹਨ।
ਇਸ ਪਾਠਕ੍ਰਮ ਕੋਰਸ ਦਾ ਮਕਸਦ ਇੱਕ ਟਿਕਾਊ ਭਵਿੱਖ ਦੇ ਲਈ ਠੋਸ ਕੂੜਾ ਪ੍ਰਬੰਧਨ ਦੇ ਰਾਹੀਂ ਵਾਤਾਵਰਣ ਸੁਰੱਖਿਆ ਅਤੇ ਬਚਾਅ ਦੇ ਲਈ ਸਾਮੂਹਿਕ ਗਿਆਨ, ਸਮਝ ਅਤੇ ਜਾਗਰੂਕਤਾ ਪ੍ਰਦਾਨ ਕਰਨ ਤੇ ਕੇਂਦਰਿਤ ਸੀ। ਇਸ ਕੋਰਸ ਦੇ ਅੰਤ ਮੌਕੇ ਆਯੋਜਿਤ ਸਮਾਪਤੀ ਸਮਾਗਮ ਵਿਚ ਸ਼ਾਮਲ ਹੋਣ ਲਈ ਵਧੀਕ ਨਿਰਦੇਸ਼ਕ (ਵਾਤਾਵਰਣ) ਅਤੇ ਮੁੱਖੀ ਵਾਤਾਵਰਣ ਵਿਭਾਗ (ਪੀ. ਐਸ. ਸੀ. ਐਸ. ਟੀ) ਡਾ. ਐਸ. ਐਸ. ਲੱਧਰ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਵਾਤਾਵਰਣ ਸੁਰੱਖਿਆ ਦੇ ਖੇਤਰ ਵਿਚ ਰੋਜ਼ਗਾਰ ਪੈਦਾ ਕਰਨ ਦੇ ਲਈ ਇਸ ਕੋਰਸ ਦੀ ਅਹਿਮੀਅਤ ਤੇ ਪ੍ਰਕਾਸ਼ ਪਾਇਆ। ਹੋਰ ਪਤਵੰਤਿਆਂ ਵਿਚ ਡਾ: ਨਰਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ (ਆਈ. ਆਈ. ਟੀ. ਰੋਪੜ), ਰਵਲੀਨ ਸਿੰਘ, ਸੀਨੀਅਰ ਪ੍ਰੋਗਰਾਮ ਅਫਸਰ (ਪੀ. ਐਸ. ਸੀ. ਐਸ. ਟੀ), ਅਤੇ ਸ਼੍ਰੀ ਧੀਰਨ ਚੌਹਾਨ, ਸੂਚਨਾ ਅਧਿਕਾਰੀ (ਪੀ. ਐਸ. ਸੀ. ਐਸ. ਟੀ) ਮੌਜੂਦ ਸਨ।