ਅਸ਼ੋਕ ਵਰਮਾ
ਬਠਿੰਡਾ ,17 ਫਰਵਰੀ 2020: ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਨੇ ਸਵਾਲ ਕੀਤਾ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਵਿੱਚ ਅੱਗ ਲੱਗਣ ਕਾਰਨ ਬੱਚਿਆਂ ਦੇ ਬੈਨ ਵਿੱਚ ਹੀ ਝੁਲਸ ਕੇ ਮਰ ਜਾਣ ਦੀ ਬੇਹੱਦ ਮਨਹੂਸ ਖ਼ਬਰ ਨੇ ਸਾਡੇ ਸਾਹਮਣੇ ਫਿਰ ਤੋਂ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਮਾਸੂਮ ਬੱਚਿਆਂ ਨੂੰ ਵਿੱਦਿਆ ਦੇਣ ਦਾ ਕਾਰਜ ਵਪਾਰੀਆਂ ਦੇ ਹੱਥ ਸੌਂਪਿਆ ਜਾਣਾ ਚਾਹੀਦਾ ਹੈ ਨਹੀਂ, ਬਿਲਕੁਲ ਨਹੀਂ ! ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸੁਰੱਖਿਅਤ ਫ਼ਾਸਲੇ ਉੱਤੇ ਉਸਾਰੇ ਗਏ ਸਰਕਾਰੀ ਸਕੂਲਾਂ ਵਿੱਚ ਬਿਲਕੁੱਲ ਮੁਫਤ ਅਤੇ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਵਿੱਦਿਆ ਦੇਣਾ ਹਰ ਇਕ ਸਰਕਾਰ ਦਾ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਹੈ, ਪਰ ਅਫਸੋਸ ਕਿ ਸਾਡੇ ਇੱਥੇ ਬਣਨ ਵਾਲੀਆਂ ਸਰਕਾਰਾਂ ਆਪਣੀ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਨਹੀਂ ਹਨ.ਸੀਪੀਆਈ (ਐਮਐਲ) ਲਿਬਰੇਸ਼ਨ ਜਿਲਾ ਸਕੱਤਰੇਤ ਕਾਮਰੇਡ ਹਰਵਿੰਦਰ ਸਿੰਘ ਸੇਮਾ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਸਿਵੀਆ ' ਮਜਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਆਗੂ ਕਾਮਰੇਡ ਪ੍ਰਿਤਪਾਲ ਰਾਮਪੁਰਾ ਦੇ ਸੀਪੀਆਈ ਐੱਮ ਐਲ ਲਿਬਰੇਸ਼ਨ ਮਾਲਵਾ ਕਮੇਟੀ ਮੈਂਬਰ ਦੇ ਕਾਮਰੇਡ ਗੁਰਤੇਜ ਸਿੰਘ ਮਹਿਰਾਜ ਨੇ ਆਖੇ ਹਨ. ਆਪਣੇ ਬਿਆਨ ਵਿੱਚ ਉਨ੍ਹਾਂ ਇਹ ਵੀ ਕਿਹਾ ਹੈ ਕਿ ਵਿੱਦਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਨਾਲ ਜਿੱਥੇ ਮਾਸੂਮ ਬੱਚਿਆਂ ਨੂੰ ਭਿਆਨਕ ਹਾਦਸਿਆਂ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੈ, ਉੱਥੇ ਗਰੀਬ ਜਨਤਾ ਦੇ ਮਾਸੂਮ ਬੱਚਿਆਂ ਨਾਲ ਸਮਾਜਿਕ ਵਿਤਕਰਾ ਵੀ ਕੀਤਾ ਜਾ ਰਿਹਾ ਹੈ. ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਕਿ ਸਰਕਾਰੀ ਸਕੂਲਾਂ ਦੇ ਪ੍ਰਬੰਧ ਨੂੰ ਬਿਹਤਰ ਬਣਾਇਆ ਜਾਵੇ . ਸਕੂਲ ਵੈਨ ਵਿੱਚ ਬੱਚਿਆਂ ਦੇ ਜ਼ਿੰਦਾ ਸੜ ਜਾਣ ਦੀ ਘਟਨਾ ਉੱਤੇ ਬੇਹੱਦ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਹਾਦਸੇ ਲਈ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਸੀਨੀਅਰ ਸੁਪਰਡੈਂਟ ਆਫ ਪੁਲੀਸ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖਿਲਾਫ ਵੀ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਹਾਦਸਾ ਇਨ੍ਹਾਂ ਅਫਸਰਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਉਣ ਕਾਰਨ ਵਾਪਰਿਆ ਹੈ.