← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 17 ਫਰਵਰੀ 2020: ਸੂਬੇ ਅੰਦਰ ਵਿਕਰਾਲ ਹੁੰਦੀ ਜਾ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਠੋਸ ਹੱਲ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਆਗਾਮੀ ਵਿਧਾਨ ਸਭਾ ਇਜਲਾਸ 'ਚ ਮਤਾ ਪੇਸ਼ ਕਰ ਰਹੀ ਹੈ। ਆਪ ਦੇ ਵਪਾਰ ਟਰੇਡ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਬੇਕਾਬੂ ਹੋ ਚੁੱਕੀ ਹੈ, ਕਿਉਂਕਿ ਸਮੇਂ ਸਮੇਂ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੇ ਠੋਸ ਕਦਮ ਹੀ ਨਹੀਂ ਚੁੱਕੇ। ਉਹਨਾਂ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਹਰ ਸਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਸੜਕ ਦੁਰਘਟਨਾਵਾਂ 'ਚ ਸੈਂਕੜੇ ਜਾਨਾਂ ਜਾਂਦੀਆਂ ਹਨ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਅਨਿਲ ਠਾਕੁਰ ਨੇ ਦੱਸਿਆ ਕਿ ਜੇਕਰ ਸਰਕਾਰ ਆਵਾਰਾ ਪਸ਼ੂਆਂ ਦੀ ਦਿਨ ਪ੍ਰਤੀ ਦਿਨ ਵਿਕਰਾਲ ਹੋ ਰਹੀ ਸਮੱਸਿਆ ਦਾ ਸਮਾਂ ਰਹਿੰਦੇ ਹੱਲ ਨਾ ਕੀਤਾ ਤਾਂ ਪੰਜਾਬ 'ਚ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਵੱਡੀ ਮੁਸ਼ਕਲ ਹੋਵੇਗੀ। ਠਾਕੁਰ ਨੇ ਕਿਹਾ ਕਿ ਪੰਜਾਬ 'ਚ ਇਨ੍ਹਾਂ ਆਵਾਰਾ ਪਸ਼ੂਆਂ 'ਚ ਕਰੀਬ 15 ਫ਼ੀਸਦੀ ਦੇਸੀ ਨਸਲ ਦੀਆਂ ਗਾਵਾਂ ਤੇ ਢੱਠੇ ਹਨ ਜਦੋਂਕਿ ਬਾਕੀ 85 ਫ਼ੀਸਦੀ ਅਮਰੀਕੀ/ਐਚ.ਐਫ ਗਾਵਾਂ-ਢੱਠੇ ਹਨ । ਅਨਿਲ ਠਾਕੁਰ ਨੇ ਦੱਸਿਆ ਕਿ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਦੇਸੀ ਨਸਲ ਦੀਆਂ ਗਾਵਾਂ ਅਤੇ ਢੱਠਿਆਂ ਦੀ ਗਊਸ਼ਾਲਾਵਾਂ 'ਚ ਸਨਮਾਨ ਸਹਿਤ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ ਤਾਂ ਕਿ ਲੋਕਾਂ ਦੀ ਜਾਨ-ਮਾਲ ਅਤੇ ਫ਼ਸਲਾਂ ਦਾ ਬਚਾਅ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਬੀਤੀ ਦਿਨੇ ਵਧਾਏ ਰਸੋਈ ਗੈਸ ਸਿਲੰਡਰ ਦੇ ਰੇਟਾਂ ਨੂੰ ਵਾਪਸ ਲਵੇ ਕਿਉਂਕਿ ਇਸ ਦੇ ਨਾਲ ਹੀ ਆਮ ਆਦਮੀ ਤੇ ਦੂਰੀ ਮਾਰ ਪਵੇਗੀ ਤੇ ਆਮ ਆਦਮੀ ਵੱਲੋਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਠਾਕੁਰ ਨੇ ਕੈਪਟਨ ਸਰਕਾਰ ਤੋਂ ਵੀ ਮੰਗ ਕੀਤੀ ਕਿ ਲੋਕ ਮਾਰੂ ਨੀਤੀਆਂ ਬੰਦ ਕਰਕੇ ਲੋਕਾਂ ਦੇ ਵਿਕਾਸ ਵੱਲ ਧਿਆਨ ਦੇਣ ਅਤੇ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ
Total Responses : 108