ਅਸ਼ੋਕ ਵਰਮਾ
ਮਾਨਸਾ, 17 ਫਰਵਰੀ 2020: ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਐਨਆਰਸੀ, ਸੀਏਏ ਅਤੇ ਐਨਪੀਆਰ ਦੇ ਵਿਰੋਧ ਲਈ ਮਾਨਸਾ ਵਿੱਚ 25 ਫਰਵਰੀ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਅੱਜ ਮੋਰਚੇ ਦੀ ਸਟੇਜ ਦਾ ਸੰਚਾਲਨ ਸਵਰਨ ਸਿੰਘ ਬੋੜਾਵਾਲ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ। ਅੱਜ ਦੇ ਮੋਰਚੇ ਵਿੱਚ ਲੰਗਰ ਦੀ ਸੇਵਾ ਜਸਵੀਰ ਕੌਰ ਨੱਤ ਵੱਲੋਂ ਕੀਤੀ ਗਈ ਅਤੇ ਅੱਜ ਮੋਰਚੇ ਵਿੱਚ ਫਰੂਟ ਦਾ ਲੰਗਰ ਚਲਾਇਆ ਗਿਆ।
ਸੰਵਿਧਾਨ ਬਚਾਓ ਮੰਚ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਦੇਸ਼ ਵਿੱਚ ਮੋਦੀ ਸਰਕਾਰ ਵੱਲੋਂ ਇਹ ਫਿਰਕੂ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਉਤਨਾ ਚਿਰ ਇਹ ਮੋਰਚਾ ਚਲਦਾ ਰਹੇਗਾ। ਅਜ਼ਾਦੀ ਤੋਂ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਦੇਸ਼ ਵਿੱਚ ਇੰਨਾਂ ਵੱਡਾ ਅੰਦੋਲਨ ਐਨਆਰਸੀ, ਸੀਏਏ ਅਤੇ ਐਨਪੀਆਰ ਦੇ ਖਿਲਾਫ ਖੜ੍ਹਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਇਸ ਅੰਦੋਲਨ ਤੋਂ ਉੱਠੀ ਲੋਕ ਲਹਿਰ ਮੋਦੀ ਸਰਕਾਰ ਦਾ ਆਖਰੀ ਕਿੱਲ ਸਾਬਤ ਹੋਵੇਗੀ। ਇਸ ਧਰਨੇ ਵਿੱਚ ਸ਼ਾਮਲ ਆਗੂਆਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਹਿੰਦੂ, ਸਿੱਖ, ਇਸਾਈ, ਮੁਸਲਮਾਨ ਇੱਕ ਮੰਚ ਤੇ ਇਕੱਠੇ ਹੋਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਸ ਸਮੇਂ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਜੋ ਕਿ ਕੱਲ੍ਹ ਮਲੇਰਕੋਟਲਾ ਵਿੱਚ ਕਿਸਾਨ ਯੂਨੀਅਨ ਦੇ ਐਨਆਰਸੀ,ਸੀਏਏ ਅਤੇ ਐਨਪੀਆਰ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਵਿੱਚ ਕੱਢੀ ਰੈਲੀ ਵਿੱਚ ਸ਼ਾਮਲ ਹੋ ਕੇ ਆਏ ਹਨ, ਨੇ ਦੱਸਿਆ ਕਿ ਇੰਨਾਂ ਵਿਸ਼ਾਲ ਇਕੱਠ ਉਨ੍ਹਾਂ ਕਿਸੇ ਹੋਰ ਲੋਕ ਮੁੱਦੇ ’ਤੇ ਪੰਜਾਬ ਵਿੱਚ ਕਦੇ ਨਹੀਂ ਦੇਖਿਆ।
ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦਰਸ਼ਨ ਨੱਤ ਅਤੇ ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਮਾਓਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਨਵੀਂ ਰੂਪ-ਰੇਖਾ ਦਿੱਤੀ ਜਾਵੇਗੀ। ਸੀਪੀਆਈ ਦੇ ਆਗੂਆਂ ਐਡਵੋਕੇਟ ਰੇਖਾ ਸ਼ਰਮਾ ਅਤੇ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਸੰਘਰਸ਼ ਵਿੱਚ ਆਪਣਾ ਪੂਰਾ ਯੋਗਦਾਨ ਪਾਵੇਗੀ। ਅੱਜ ਦੇ ਇਸ ਧਰਨੇ ਨੂੰ ਰਾਜਿੰਦਰ ਸਿੰਘ ਜਵਾਹਰਕੇ, ਕੇਵਲ ਸਿੰਘ ਅਕਲੀਆ, ਅਮਰੀਕ ਫਫੜੇ, ਰਾਮਫਲ ਚੱਕ ਅਲੀਸ਼ੇਰ, ਛੱਜੂ ਸਿੰਘ ਦਿਆਲਪੁਰਾ, ਨਰਿੰਦਰ ਕੌਰ ਬੁਰਜ ਹਮੀਰਾ, ਰਤਨ ਭੋਲਾ, ਗੁਰਸੇਵਕ ਸਿੰਘ ਜਵਾਹਰਕੇ, ਭਜਨ ਸਿੰਘ ਘੁੰਮਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਜਗਦੇਵ ਸਿੰਘ, ਕਾਮਰੇਡ ਕਿ੍ਰਸ਼ਨ ਚੌਹਾਨ, ਐਚ.ਆਰ.ਮੋਫਰ, ਰਾਜ ਕੁਮਾਰ ਪਾਸਟਰ, ਦਲਜੀਤ ਸਿੰਘ ਮਾਨਸ਼ਾਹੀਆ, ਰਣਜੀਤ ਸਿੰਘ ਤਾਮਕੋਟ, ਗੁਰਜੰਟ ਸਿੰਘ, ਐਡਵੋਕਟ ਈਸ਼ਵਰ ਚੰਦ ਅਤੇ ਮੇਜਰ ਸਿੰਘ ਆਰਐਮਪੀਆਈ ਨੇ ਸੰਬੋਧਨ ਕੀਤਾ।