ਅਸ਼ੋਕ ਵਰਮਾ
ਬਠਿੰਡਾ 17 ਫਰਵਰੀ 2020: ਨਜ਼ਦੀਕ ਕੋਟ ਫੱਤਾ ਪਿੰਡ ਵਿੱਚ ਔਲਾਦ ਖਾਤਰ ਬਲੀ ਦਿੱਤੇ ਗਏ ਮਾਸੂਮ ਦਲਿਤ ਭੈਣ ਭਰਾ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਜੱਦੋ ਜਹਿਦ ਕਰ ਰਹੀ ਐਕਸਨ ਕਮੇਟੀ ਨੇ ਕਾਤਲਾਂ ਨੂੰ ਫ਼ਾਂਸੀ ਦੇਣ ਦੀ ਮੰਗ ਕੀਤੀ ਗਈ। ਅਦਾਲਤ ਵੱਲੋਂ ਗਵਾਹ ਦੀ ਸੁਣਵਾਈ ਸਬੰਧੀ ਅਗਲੀ ਤਾਰੀਕ 2 ਮਾਰਚ 'ਤੇ ਰੱਖੀ ਗਈ। ਵਰਣਨਯੋਗ ਹੈ ਕਿ 5 ਮਾਰਚ 2017 ਨੂੰ ਬੱਚਿਆਂ ਦੀ ਭੂਆ ਅਮਨਦੀਪ ਕੌਰ ਦੀ ਔਲਾਦ ਖਾਤਰ ਇੱਕ ਤਾਂਤਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਦੇ ਕਹਿਣ 5 ਸਾਲਾਂ ਮਾਸੂਮ ਰਣਜੋਧ ਸਿੰਘ ਅਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਮਾਸੂਮ ਬੱਚਿਆਂ ਦੀ 'ਤੇ ਬੇਰਹਿਮੀ ਨਾਲ ਬਲੀ ਦੇ ਦਿੱਤੀ ਸੀ।
ਐਕਸਨ ਕਮੇਟੀ ਦੇ ਕਨਵੀਨਰ ਭਾਈ ਪਰਨਜੀਤ ਸਿੰਘ ਜੱਗੀ ਕੋਟ ਫ਼ੱਤਾ, ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ, ਕੁਲਦੇਵ ਸਿੰਘ ਧੰਨ ਸਿੰਘ ਖਾਨਾ, ਗਵਾਹ ਰਾਮ ਸਿੰਘ ਕੋਟ ਫ਼ੱਤਾ, ਕਾਨੂੰਨੀ ਕਾਰਵਾਈ ਲਈ ਸੇਵਾਵਾਂ ਦੇ ਰਹੀ ਪੀਪਲਜ ਲਾਅ ਫੋਰਮ ਵੱਲੋਂ ਵਕੀਲ ਚਰਨਪਾਲ ਸਿੰਘ ਬਰਾੜ, ਟੀਮ ਮੈਂਬਰ ਗੁਰਸੇਵਕ ਸਿੰਘ ਆਦਿ ਵੀ ਹਾਜਰ ਸਨ। ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਮਾਸੂਮ ਦਲਿਤ ਭੈਣ ਭਰਾਵਾਂ ਦੇ ਕਾਤਲਾਂ ਨੂੰ ਮੌਤ ਦੀ ਸਜਾ ਦਿੱਤੀ ਜਾਵੇ ਤਾਂ ਕਿ ਬੱਚਿਆਂ ਦੀ ਬਲੀ ਵਰਗੇ ਅਤਿ ਘਾਤਕ ਤੇ ਅਣ ਮਨੁੱਖੀ ਵਰਤਾਰਿਆਂ ਨੂੰ ਠੱਲ ਪਾਈ ਜਾਵੇ।