ਜਗਦੀਸ਼ ਥਿੰਦ
ਫਾਜ਼ਿਲਕਾ,17 ਫਰਵਰੀ:
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਜ਼ਿਲ੍ਹਾ ਫਾਜ਼ਿਲਕਾ ਅੰਦਰ ਸਥਾਪਤ ਨਸ਼ਾ ਨਿਗਰਾਨ ਕਮੇਟੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਹੋਰ ਵਧੇਰੇ ਜਾਗਰੂਕਤਾ ਲਿਆਉਣ ਤੇ ਜ਼ੋਰ ਦੇਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ੍ਰ. ਸੰਧੂ ਨੇ ਅਧਿਕਾਰੀਆਂ ਨੂੰ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੇਪੋ) ਮੁਹਿੰਮ ਨੂੰ ਹੋਰ ਵਧੇਰੇ ਸਫ਼ਲਤਾ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਡੈਪੋ ਮੁਹਿੰਮ, ਬੱਡੀ ਅਤੇ ਸੀਨੀਅਰ ਬੱਡੀ ਪ੍ਰੋਗਰਾਮਾਂ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ ਚਲਾਇਆ ਜਾਵੇ, ਤਾਂ ਕਿ ਨਸ਼ਿਆਂ ਦੀ ਮਾੜੀ ਸੰਗਤ ’ਚ ਜਾਣ ਵਾਲਿਆਂ ਨੂੰ ਨਸ਼ਾ ਰਹਿਤ ਨਿਰੋਗ ਜਿੰਦਗੀ ਜਿਊਣ ਲਈ ਹੰਭਲਾ ਮਾਰਿਆ ਜਾ ਸਕੇ। ਉਨ੍ਹਾਂ ਸਿੱਖਿਆ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਸਵੇਰੇ ਦੀ ਸਭਾ ਵੇਲੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ।
ਮੀਟਿੰਗ ਦੌਰਾਨ ਸ. ਸੰਧੂ ਨੇ ਦੱਸਿਆ ਕਿ 23 ਮਾਰਚ ਨੂੰ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ਨਸ਼ਾ ਮੁਕਤੀ ਅਤੇ ਯੁਵਾ ਸ਼ਸਕਤੀਕਰਣ ਦੇ ਸਬੰਧ ਵਿੱਚ ਨਸ਼ਿਆਂ ਵਿਰੁੱਧ ਰੈਲੀਆ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਵਿਭਾਗ ਦੇ ਸਾਂਝ ਕੇਂਦਰਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਹੋਰਨਾਂ ਵਿੱਦਿਅਕ ਅਦਾਰਿਆਂ ’ਚ ਵੱਧ ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਣ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਲੋਕ ਹਿੱਤ ਦੇ ਇਸ ਕਾਰਜ਼ ਅੰਦਰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਪੂਨਮ ਸਿੰਘ, ਤਹਿਸੀਲਦਾਰ ਫਾਜ਼ਿਲਕਾ ਪਵਨ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਬੱਡੀ ਦੇ ਨੋਡਲ ਅਫ਼ਸਰ ਵਿਜੈਪਾਲ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।