ਲੋਕੇਸ਼ ਰਿਸ਼ੀ
ਗੁਰਦਾਸਪੁਰ, 17 ਫਰਵਰੀ 2020 - ਸੰਗਰੂਰ ਦੇ ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਸਬਕ ਲੈਂਦਿਆਂ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕਦਿਆਂ ਹੋਇਆਂ ਸੋਮਵਾਰ ਨੂੰ ਵੱਖ ਵੱਖ ਟੀਮਾਂ ਵੱਲੋਂ ਨਾ ਸਿਰਫ਼ 199 ਦੇ ਕਰੀਬ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ ਬਲਕਿ 99 ਅਜਿਹੇ ਸਕੂਲੀ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਜੋ ਸਬੰਧਿਤ ਵਿਭਾਗ ਵੱਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਦੀ ਅਣਦੇਖੀ ਕਰਦੇ ਪਾਏ ਗਏ । ਇਸ ਦੇ ਨਾਲ ਹੀ ਦੋ ਸਕੂਲ ਬੱਸਾਂ ਨੂੰ ਥਾਣਾ ਬੰਦ ਵੀ ਕਰ ਦਿੱਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਕੂਲੀ ਬੱਸਾਂ ਦੀ ਜਾਂਚ ਇਸੇ ਤਰਾਂ ਜਾਰੀ ਰਹੇਗੀ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸਖ਼ਤ ਲਫ਼ਜ਼ਾਂ 'ਚ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਸ ਸਬੰਧੀ ਟਰਾਂਸਪੋਰਟ, ਪੁਲਿਸ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਮੇਤ ਸੰਬੰਧਿਤ ਵਿਭਾਗਾਂ ਨੂੰ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ 'ਤੇ ਲਗਾਤਾਰ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੋਟਰ ਵਹੀਕਲ ਐਕਟ ਦੇ ਲੋੜੀਂਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਅਤੇ ਸਕੂਲ ਤੋਂ ਘਰ ਛੱਡਣ ਸਮੇਂ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਅਣਗਹਿਲੀ ਨਾ ਵਰਤਣ।
ਸਕੂਲਾਂ ਦੀਆਂ ਬੱਸਾਂ ਦੀਆਂ ਜਾਂਚ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਏ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦੁਪਹਿਰ 3 ਵਜੇ ਤਕ ਜ਼ਿਲ੍ਹੇ ਅੰਦਰ 199 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਜਿਸ ਵਿਚੋਂ 92 ਬੱਸਾਂ ਦੇ ਚਲਾਨ ਕੱਟੇ ਗਏ ਜੋ ਲੋੜੀਂਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ ਅਤੇ ਇਸ ਦੇ ਨਾਲ ਹੀ 2 ਬੱਸਾਂ ਥਾਣੇ ਵਿਚ ਬੰਦ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਸਾਂ ਦੇ ਚਲਾਨ ਕੀਤੇ ਗਏ ਉਨ੍ਹਾਂ ਪਾਸ ਦਸਤਾਵੇਜ਼ਾਂ ਆਦਿ ਦੀ ਕਮੀ ਸੀ, ਜਿਵੇਂ ਕਿ ਬੱਸ ਵਿਚ ਸੀ.ਸੀ ਟੀ.ਵੀ ਕੈਮਰਾ ਨਹੀਂ ਸੀ ਲੱਗਾ, ਡਰਾਈਵਰ ਨੇ ਵਰਦੀ ਨਹੀਂ ਪਾਈ ਸੀ ਆਦਿ। ਇਨ੍ਹਾਂ ਬੱਸਾਂ ਵਾਲਿਆਂ ਨੂੰ ਜਲਦ ਕਮੀਆਂ ਦੂਰ ਕਰਨ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋ ਸਕੂਲੀ ਬੱਸਾਂ ਥਾਣੇ ਵਿਚ ਬਾਊਂਡ ਕੀਤੀਆਂ ਗਈਆਂ ਜੋ ਮੋਟਰ ਵਹੀਕਲ ਐਕਟ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਸਨ।