ਜ਼ਿਲਾ ਪ੍ਰਸ਼ਾਸਨ ਵਲੋਂ 210 ਬੱਸਾਂ ਦੀ ਕੀਤੀ ਚੈਕਿੰਗ
48 ਬੱਸਾਂ ਦੇ ਕੱਟੇ ਚਲਾਣ, 9 ਵਾਹਨ ਕੀਤੇ ਕਬਜ਼ੇ ’ਚ
ਅਸ਼ੋਕ ਵਰਮਾ
ਬਠਿੰਡਾ,17 ਫਰਵਰੀ 2020 - ਸੰਗਰੂਰ ਜਿਲੇ ‘ਚ ਸਕੂਲੀ ਵੈਨ ’ਚ ਚਾਰ ਬੱਚਿਆਂ ਦੇ ਜਿੰਦਾ ਜਲਣ ਉਪਰੰਤ ਬਠਿੰਡਾ ਪ੍ਰਸ਼ਾਸ਼ਨ ਦੀ ਜਾਗ ਖੁੱਲ ਗਈ ਹੈ। ਹਾਲਾਂਕਿ ਜਿਆਦਾਤਰ ਮਾਪੇ ਇਸ ਨੂੰ ਖਾਨਾਪੂਰਤੀ ਮੰਨਦੇ ਹਨ ਪਰ ਲੋਕ ਰੋਹ ਤੋਂ ਬਚਣ ਲਈ ਅੱਜ ਬਠਿੰਡਾ ਜਿਲੇ ’ਚ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਸੇਫ ਸਕੂਲ ਵਾਹਨ ਸਕੀਮ ਨੂੰ ਲੈਕੇ ਹਦਾਇਤਾਂ ਜਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਜ ਦੱਸਿਆ ਕਿ ਸਕੂਲਾਂ ਵਲੋਂ ਪੁਰਾਣੀਆਂ ਅਤੇ ਖ਼ਸਤਾ ਹਾਲ ਬੱਸਾਂ ਜਾਂ ਵੈਨਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਮੰਤਵ ਨਾਲ ਟਰਾਂਸਪੋਰਟ ਵਿਭਾਗ ਵਲੋਂ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 210 ਬੱਸਾਂ ਦੀ ਚੈਕਿੰਗ ਕੀਤੀ ਗਈ। ਉਨਾਂ ਦੱਸਿਆ ਕਿ ਚੈਕਿੰਗ ਦੌਰਾਨ 48 ਬੱਸਾਂ ਦੇ ਚਲਾਣ ਕੱਟੇ ਗਏ ਹਨ ਅਤੇ 9 ਅਜਿਹੀਆਂ ਗੱਡੀਆਂ ਜੋ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਯੋਗ ਪਾਈਆ ਗਈਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇਂ ਰਿਜਨਲ ਟਰਾਂਸਪੋਰਟ ਅਥਾਰਟੀ ਵਿਭਾਗ ਦੇ ਅਧਿਕਾਰੀਆਂ ਨੂੰ ਵਿਦਿਅਕ ਅਦਾਰਿਆਂ ਵਿਚ ਚੱਲ ਰਹੇ ਵਹੀਕਲਾਂ ਦੀ ਲਗਾਤਾਰ ਚੈਕਿੰਗ ਜਾਰੀ ਰੱਖਣ ਲਈ ਕਿਹਾ। ਉਨਾਂ ਅਧਿਕਾਰੀਆ ਨੂੰ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜ਼ਿਲੇ ਅੰਦਰ ਚੱਲ ਰਹੇ ਕੰਡਮ ਵਹੀਕਲਾਂ ਨੂੰ ਤਰੰੁਤ ਬੰਦ ਕਰਨਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਵਰਤੀਆਂ ਜਾਣ ਵਾਲੀਆਂ ਪੁਰਾਣੀਆਂ ਬੱਸਾਂ ਤੇ ਵੈਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਥਿਤੀ ਵਾਲੇ ਵਹੀਕਲਾਂ ’ਚ ਭੇਜਣਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸੇ ਵੀ ਕਿਸਮ ਦੀ ਸਕੂਲ ਪ੍ਰਸ਼ਾਸਨ ਜਾਂ ਸਕੂਲੀ ਵੈਨਾਂ/ਬੱਸਾਂ ਦੇ ਮਾਲਕਾਂ ਵਲੋਂ ਵਰਤੀ ਗਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੈ੍ਰਫ਼ਿਕ ਪੁਲਿਸ ਵਲੋਂ ਵੀ 254 ਵਾਹਨਾਂ ਦੀ ਚੈਕਿੰਗ ਕੀਤੀ ਗਈ। 61 ਵਾਹਨਾਂ ਦੇ ਚਲਾਣ ਕੀਤੇ ਅਤੇ 3 ਆਪਣੇ ਕਬਜ਼ੇ ਵਿਚ ਲਏ।
ਉਨਾਂ ਕਿਹਾ ਕਿ ਬੱਸਾਂ ’ਚ ਉੱਚੀ ਆਵਾਜ਼ ਵਾਲਾ ਸੰਗੀਤ ਲਗਾਉਣ ਵਾਲੇ ਵਾਹਨਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉੱਚੀ ਆਵਾਜ ਵਾਲਾ ਸੰਗੀਤ ਸੁਰੱਖਿਅਤ ਡਰਾਈਵਿੰਗ ਵਿਚ ਵਿਘਨ ਪਾਉਂਦਾ ਹੈ। ਇਸ ਲਈ ਕਿਸੇ ਵੀ ਬੱਸ ਵਿਚ ਉੱਚੀ ਆਵਾਜ਼ ਵਿਚ ਸੰਗੀਤ ਜਾਂ ਲੱਚਰਤਾ ਤੇ ਉਤੇਜਕ ਗੀਤ ਨਾ ਲਗਾਏ ਜਾਣ। ਜੇਕਰ ਭਵਿੱਖ ਵਿਚ ਕਿਸੇ ਵੀ ਬੱਸ ਵਿਚ ਇਸ ਤਰਾਂ ਦਾ ਸੰਗੀਤ ਆਡੀਓ ਜਾਂ ਵੀਡੀਓ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਰਿਜਨਲ ਟਰਾਂਸਪੋਰਟ ਅਥਾਰਟੀ ਸ਼੍ਰੀ ਉਦੈਦੀਪ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਸੇਫ਼ ਸਕੂਲ ਵਾਹਨ ਸਕੀਮ ਅਧੀਨ ਜ਼ਿਲਾ ਬਾਲ ਸੁਰੱਖਿਆ ਵਿਭਾਗ, ਰਿਜਨਲ ਟਰਾਂਸਪੋਰਟ ਅਥਾਰਟੀ, ਸਿੱਖਿਆ ਵਿਭਾਗ ਅਤੇ ਟ੍ਰੈਫ਼ਿਕ ਪੁਲਿਸ ਵਲੋਂ ਸਾਂਝੇ ਤੌਰ ’ਤੇ ਜ਼ਿਲੇ ਅੰਦਰ ਲਗਾਤਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਉਨਾਂ ਵਲੋਂ 210 ਸਕੂਲੀ ਬੱਸਾਂ ਤੇ ਵੈਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਣਤਾਈਆਂ ਪਾਈਆਂ ਜਾਣ ਵਾਲੇ ਵੱਖ-ਵੱਖ 48 ਸਕੂਲੀ ਵਹੀਕਲਾਂ ਦੇ ਚਲਾਣ ਕੱਟੇ ਗਏ ਅਤੇ 9 ਵਾਹਨਾਂ ਨੂੰ ਆਪਣੇ ਕਬਜ਼ੇ ਲਿਆ ਗਿਆ।