ਮਲੇਰਕੋਟਲਾ, 18 ਫਰਵਰੀ 2020 : ਮਲੇਰਕੋਟਲਾ 'ਚ ਇੱਕ ਸਿੱਖ ਔਰਤ ਦੇ ਮਰਨ 'ਤੇ ਮੁਸਲਿਮ ਗਵਾਂਢੀ ਨੇ ਉਸਦਾ ਸਿੱਖ ਰਸਮਾਂ ਮੁਤਾਬਕ ਅੰਤਿਮ ਸਸਕਾਰ ਕੀਤਾ। ਜਾਣਕਾਰੀ ਮੁਤਾਬਕ ਮ੍ਰਿਤਕ ਸਿੱਖ ਔਰਤ ਪਿਛਲੇ 14 ਸਾਲਾਂ ਤੋਂ ਮਲੇਰਕੋਟਲਾ 'ਚ ਕਿਰਾਏ 'ਤੇ ਰਹਿ ਰਹੀ ਸੀ। ਉਸਦੇ ਇੱਕ ਪੁੱਤਰ, ਧੀ ਅਤੇ ਪਤੀ ਹਾਲੇ ਜ਼ਿੰਦਾ ਹਨ, ਪਰ ਘਰ ਦੇ ਕਿਸੇ ਕਲੇਸ ਕਾਰਨ ਉਹ ਮਲੇਰਕੋਟਲਾ 'ਚ ਲੋਕਾਂ ਦੇ ਘਰਾਂ ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ । ਮ੍ਰਿਤਕ ਔਰਤ ਦੇ ਭਰਾ ਅਤੇ ਮਾਂ ਕਨੇਡਾ ਰਹਿੰਦੇ ਹਨ। ਇਸ ਦੀ ਮੌਤ ਤੋਂ ਬਾਅਦ ਪੁੱਤਰ, ਪੁੱਤਰੀ ਅਤੇ ਪਤੀ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਨਹੀਂ ਹੋਏ ।
ਪੁਲਿਸ ਪ੍ਰਸ਼ਾਸਨ ਦੁਆਰਾ ਪਰਿਵਾਰ ਨਾਲ ਗੱਲ ਕਰਨ 'ਤੇ ਵੀ ਪਰਿਵਾਰ ਆਪਣੀ ਮਾਂ-ਪਤਨੀ ਦਾ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਨਹੀਂ ਹੋਇਆ ਤੇ ਕਿਹਾ ਕਿ ਲਵਾਰਿਸ ਵਾਂਗ ਅੰਤਿਮ ਸਸਕਾਰ ਕਰ ਦਿਓ । ਪੁਲਿਸ ਦੁਆਰਾ ਔਰਤ ਦੀ ਲਾਸ਼ ਸਰਕਾਰੀ ਹਸਪਤਾਲ ਮਲੇਰਕੋਟਲਾ 'ਚ ਰੱਖੀ ਗਈ ।ਜਦੋਂ ਪਰਿਵਾਰ ਦਾ ਕੋਈ ਮੈਂਬਰ ਅੰਤਿਮ ਸਸਕਾਰ ਕਰਨ ਲਈ ਤਿਆਰ ਨਾ ਹੋਇਆ ਤਾਂ ਫਿਰ ਮਲੇਰਕੋਟਲਾ ਦੇ ਮੁਸਲਿਮ ਲੋਕ ਅੱਗੇ ਆਏ ਤੇ ਇਨ੍ਹਾਂ ਦੁਆਰਾ ਅੰਤਿਮ ਸੰਸਕਾਰ ਮਲੇਰਕੋਟਲਾ ਦੇ ਜਮਾਲਪੁਰਾ ਸ਼ਮਸ਼ਾਨ ਘਾਟ 'ਚ ਕੀਤਾ ਗਿਆ ।
ਸਿੱਖ ਔਰਤ ਦੇ ਗਵਾਂਢ 'ਚ ਰਹਿੰਦੇ ਮੁਸਲਿਮ ਲੋਕਾਂ ਦਾ ਕਹਿਣਾ ਹੈ, "ਰਾਣੀ ਆਂਟੀ ਬਹੁਤ ਹੀ ਵਧੀਆ ਸੁਭਾਅ ਵਾਲੀ ਔਰਤ ਸੀ। ਹਮੇਸ਼ਾ ਲੋਕਾਂ ਦੇ ਘਰ ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਜਦੋਂ ਉਸ ਨੂੰ ਦਵਾਈ ਲਈ ਪੈਸੇ ਦੇਣ ਦੀ ਲਈ ਕਹਿੰਦੇ ਸੀ ਤਾਂ ਉਹ ਸਾਡੇ ਕੋਲੋਂ ਪੈਸੇ ਨਹੀਂ ਸੀ ਲੈਂਦੀ ਤੇ ਕਹਿੰਦੀ ਸੀ ਕਿ ਜੇਕਰ ਮੈਂ ਅੱਜ ਪੈਸੇ ਲੈ ਲਏ ਤਾਂ ਮੈਨੂੰ ਆਦਤ ਪੈ ਜਾਵੇਗੀ। ਇਸ ਨੇ ਕਦੇ ਵੀ ਆਪਣੀ ਬੀਤੀ ਜਿੰਦੀ ਦਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਸੀ ਕੀਤਾ। ਅਸੀਂ ਇਸ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਾਂਗੇ ਤੇ ਭੋਗ ਦੀ ਰਸਮ ਵੀ ਗੁਰਦੁਆਰਾ ਸਾਹਿਬ ਚ ਕਰਾਂਗੇ।"
ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਗੱਲ ਕੀਤੀ ਸੀ ਪਰ ਉਨਾ ਨੇ ਔਰਤ ਨੂੰ ਲਵਾਰਿਸ ਲਾਸ਼ ਵਾਂਗ ਫੂਕ ਦੇਣ ਦੀ ਗੱਲ ਆਖੀ।