ਡਾ. ਝੰਡ
ਬਰੈਮਪਟਨ, 19 ਫਰਵਰੀ 2020 - ਕੈਨੇਡਾ 'ਚ 'ਪੰਜਾਬੀ ਚੈਰਿਟੀ ਫ਼ਾਂਊਂਡੇਸ਼ਨ' ਵੱਲੋਂ ਪੰਜਾਬੀ ਭਾਸ਼ਣ ਮੁਕਾਬਲੇ ਮਾਲਟਨ ਦੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪਹਿਲੀ ਮਾਰਚ ਨੂੰ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 5.00 ਵਜੇ ਤੀਕ ਕਰਵਾਏ ਜਾ ਰਹੇ ਹਨ। ਪੰਜਾਬੀ ਅਧਿਆਪਕ ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਦੇ ਬੋਲਣ ਲਈ ਹਰ ਸਾਲ ਵਾਂਗ ਇਸ ਵਾਰ ਵੀ ਵੱਖ-ਵੱਖ ਉਮਰ-ਵਰਗਾਂ ਲਈ ਵੱਖ-ਵੱਖ ਵਿਸ਼ੇ ਰੱਖੇ ਗਏ ਹਨ।
ਜੇ.ਕੇ/ਐੱਸ.ਕੇ. ਤੋਂ ਗਰੇਡ 7-8 ਦੇ ਬੁਲਾਰਿਆਂ ਲਈ ਵਿਸ਼ਾ "ਮਨਪਸੰਦ ਖੇਡ ਅਤੇ ਖੇਡਾਂ ਦੀ ਜੀਵਨ ਵਿਚ ਮਹੱਤਤਾ" ਰੱਖਿਆ ਗਿਆ ਹੈ, ਜਦ ਕਿ ਗਰੇਡ 9-10 ਤੋਂ ਗਰੇਡ 11-12 ਅਤੇ ਬਾਲਗਾਂ ਲਈ ਵਿਸ਼ਾ "ਔਰਤ ਦਾ ਸਾਡੇ ਸਮਾਜ ਵਿਚ ਯੋਗਦਾਨ" ਹੈ। ਕਾਲਜਾਂ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਵੀ ਏਹੀ ਵਿਸ਼ਾ, ਭਾਵ "ਔਰਤ ਦਾ ਸਾਡੇ ਸਮਾਜ ਵਿਚ ਯੋਗਦਾਨ" ਹੀ ਹੈ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਨੂੰ ਹੁਣ ਤੋਂ ਹੀ ਚੰਗੀ ਤਿਆਰੀ ਕਰਨ ਕਰਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ 'ਪੰਜਾਬੀ ਚੈਰਿਟੀ ਫ਼ਾਊਂਡੇਸ਼ਨ' ਵੱਲੋਂ ਹਰ ਸਾਲ ਮਾਰਚ ਮਹੀਨੇ ਵਿਚ ਕਰਵਾਏ ਜਾਂਦੇ ਭਾਸ਼ਣ ਮੁਕਾਬਲਿਆਂ ਅਤੇ ਅਗੱਸਤ ਮਹੀਨੇ ਦੌਰਾਨ ਪੰਜਾਬੀ ਲਿਖਾਈ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਉਮਰ- ਵਰਗਾਂ ਦੇ ਵਿਦਿਆਰਥੀ ਅਤੇ ਬਾਲਗ਼ ਪ੍ਰਤੀਯੋਗੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ ਜਿਨ੍ਹਾਂ ਵਿਚ ਕਈ ਵਾਰ 60-70 ਸਾਲ ਜਾਂ ਇਸ ਤੋਂ ਵੀ ਵਧੀਕ ਉਮਰ ਦੇ ਵਿਅਕਤੀ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਸਰਟੀਫ਼ੀਕੇਟ ਅਤੇ ਖ਼ੂਬਸੂਰਤ ਮੈਡਲ ਤੇ ਦਿਲਕਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਕਮਿਊਨਿਟੀ ਵਿਚ ਇਹ ਈਵੈਂਟ ਕਾਫ਼ੀ ਹਰਮਨ-ਪਿਆਰੇ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਵਿਚ ਭਾਗ ਲੈਣ ਲਈ ਵੱਡੀ ਗਿਣਤੀ ਵਿਚ ਲੈ ਕੇ ਆਉਂਦੇ ਹਨ।
ਗੁਰਜੀਤ ਸਿੰਘ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਵੀ ਇਨ੍ਹਾਂ ਮੁਕਾਬਲਿਆਂ ਵਿਚ ਪ੍ਰਤੀਯੋਗੀ ਵੱਡੀ ਗਿਣਤੀ ਵਿਚ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਤੀਯੋਗੀ ਦਾ ਨਾਮ ਅਤੇ ਗਰੇਡ ਲਿਖ ਕੇ nam_dhillon@live.ca 'ਤੇ ਈ-ਮੇਲ ਕੀਤੀ ਜਾ ਸਕਦੀ ਹੈ ਜਾਂ ਫਿਰ ਤੁਸੀਂ 647-990-6489 ਜਾਂ 647-287-2577 'ਤੇ ਫ਼ੋਨ ਕਰਕੇ ਵੀ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।