ਲੋਕੇਸ਼ ਰਿਸ਼ੀ
ਗੁਰਦਾਸਪੁਰ, 19 ਫਰਵਰੀ 2020 - ਬੁੱਧਵਾਰ ਨੂੰ ਭਾਰਤ ਪਾਕਿਸਤਾਨ ਦਰਮਿਆਨ ਡੇਰਾ ਬਾਬਾ ਨਾਨਕ ਵਿਖੇ ਬਣਾਏ ਗਏ ਕਰਤਾਰਪੁਰ ਕਾਰੀਡੋਰ ਨੂੰ 100 ਦਿਨ ਪੂਰੇ ਹੋ ਗਏ ਹਨ। ਕਿਉਂਕਿ 19 ਨਵੰਬਰ 2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕਾਰੀਡੋਰ ਦਾ ਉਦਘਾਟਨ ਕਰ ਕੇ ਲਾਂਘਾ ਖੋਲ੍ਹਿਆ ਗਿਆ ਸੀ। ਪਰ ਜੇਕਰ ਇਹਨਾਂ ਤਿੰਨ ਮਹੀਨਿਆਂ ਦੌਰਾਨ ਇਸ ਰਸਤੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਸੰਖਿਆ ਦੋਹਾਂ ਦੇਸ਼ਾਂ ਵੱਲੋਂ ਤੈਅ ਤਾਦਾਦ ਤੋਂ ਬਹੁਤ ਘੱਟ ਦਰਜ ਕੀਤੀ ਗਈ ਹੈ।
ਕਾਰੀਡੋਰ ਨੂੰ 100 ਦਿਨ ਪੂਰੇ ਹੋਣ ਤੇ ਜਦੋਂ ਬੁੱਧਵਾਰ ਨੂੰ ਬਾਬੂਸ਼ਾਹੀ ਡਾਟ.ਕਾਮ ਦੀ ਟੀਮ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਜ਼ਮੀਨੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਸਾਹਮਣੇ ਆਇਆ ਕਿ ਕਰਤਾਰਪੁਰ ਕਾਰੀਡੋਰ ਭਾਵੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ ਸ਼ਾਂਤੀ 'ਚ ਵਾਧਾ ਕਰ ਰਿਹਾ ਹੈ। ਪਰ ਸ਼ਰਧਾਲੂਆਂ ਮੁਤਾਬਿਕ ਕਿਤੇ ਨਾ ਕਿਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਰਸ਼ਨਾਂ ਸਬੰਧੀ ਲਾਈਆਂ ਗਈਆਂ ਵੀਜ਼ਾ-ਪਾਸਪੋਰਟ ਅਤੇ 20 ਡਾਲਰ ਫ਼ੀਸ ਜਿਹੀਆਂ ਸ਼ਰਤਾਂ ਕਾਰਨ ਹੁਣ ਤੱਕ ਸ਼ਰਧਾਲੂਆਂ ਦੀ ਸੰਖਿਆ 'ਚ ਵਾਧਾ ਨਹੀਂ ਹੋ ਸਕਿਆ। ਜੇਕਰ ਹੁਣ ਤੱਕ ਇਸ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਤੇ ਨਜ਼ਰ ਮਾਰੀ ਜਾਵੇ। ਤਾਂ ਪ੍ਰਾਪਤ ਜਾਣਕਾਰੀ ਮੁਤਾਬਿਕ 17 ਫਰਵਰੀ 2020 ਤੱਕ ਸਿਰਫ਼ 49 ਹਜ਼ਾਰ 715 ਸ਼ਰਧਾਲੂ ਹੀ ਇਸ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ। ਜਦੋਂ ਕਿ ਦੋਹਾਂ ਸਰਕਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਪਾਸ ਕੀਤੇ ਗਏ ਮਤੇ ਮੁਤਾਬਿਕ ਇਹਨਾਂ ਸ਼ਰਧਾਲੂਆਂ ਦੀ ਸੰਖਿਆ 5 ਹਜ਼ਾਰ ਰੋਜ਼ਾਨਾ ਦੇ ਹਿਸਾਬ ਨਾਲ ਤੈਅ ਕੀਤੀ ਗਈ ਸੀ। ਜੋ ਕਿ 100 ਦਿਨਾਂ ਦੇ ਹਿਸਾਬ ਨਾਲ 5 ਲੱਖ ਬਣਦੀ ਹੈ।
ਉਕਤ ਮਾਮਲੇ ਸਬੰਧੀ ਰੋਪੜ ਤੋਂ ਆਏ ਰਣਜੋਧ ਸਿੰਘ ਅਤੇ ਦਰਸ਼ਨ ਸਿੰਘ, ਦਿੱਲੀ ਤੋਂ ਆਏ ਬਲਬੀਰ ਸਿੰਘ ਅਤੇ ਗੁਰਮੀਤ ਕੌਰ ਸਮੇਤ ਬਾਕੀ ਸ਼ਰਧਾਲੂਆਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਆਪਣੇ ਕੁੱਝ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ। ਜੋ ਸਵੇਰ ਤੋਂ ਹੀ ਕਾਰੀਡੋਰ ਦੇ ਰਸਤੇ ਪਾਕਿਸਤਾਨ ਗਏ ਹੋਏ ਹਨ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਵੀਜ਼ਾ-ਪਾਸਪੋਰਟ ਅਤੇ 20 ਡਾਲਰ ਫ਼ੀਸ ਜਿਹੀਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਮਰਥ ਹੋਣ ਕਾਰਨ ਕਾਰੀਡੋਰ ਦੇ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ। ਇਸ ਲਈ ਭਾਰਤ ਪਾਕਿਸਤਾਨ ਸਰਹੱਦ ਤੇ ਲੱਗੀਆਂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਰਿਸ਼ਤੇਦਾਰਾਂ ਦੇ ਵਾਪਸ ਆਉਣ ਤੇ ਉਨ੍ਹਾਂ ਨੂੰ ਨਾਲ ਲੈ ਕੇ ਪਰਤ ਜਾਣਗੇ।
ਉਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਘੱਟੋ ਘੱਟ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਸਬੰਧੀ ਲਾਗੂ ਕੀਤੀਆਂ ਗਈਆਂ ਸ਼ਰਤਾਂ 'ਚ ਨਰਮੀ ਲਿਆਂਦੀ ਜਾਵੇ। ਤਾਂ ਜੋ ਮਾਲੀ ਰੂਪ ਵਿੱਚ ਕਮਜ਼ੋਰ ਸ਼ਰਧਾਲੂ ਵੀ ਬਿਨਾ ਕਿਸੇ ਰੋਕ ਟੋਕ ਇਸ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣ।