ਅਸ਼ੋਕ ਵਰਮਾ
- ਓਰੀਐਂਟਲ ਬੈਂਕ ਆਫ ਕਾਮਰਸ ਨੇ ਮਨਾਇਆ 78ਵਾਂ ਸਥਾਪਨਾ ਦਿਵਸ
ਬਠਿੰਡਾ,19 ਫਰਵਰੀ 2020 - ਓਰੀਐਂਟਲ ਬੈਂਕ ਆਫ ਕਾਮਰਸ ਦੇ 78 ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਬੈਂਕ ਮੁਲਾਜਮਾਂ ਦੇ ਚਹਰਿਆਂ 'ਤੇ ਸਥਾਪਨਾ ਦਿਵਸ ਦੀ ਖੁਸ਼ੀ ਪਰ ਸਰਕਾਰ ਦੀ ਨੀਤੀ ਮੁਤਾਬਕ ਪੰਜਾਬ ਨੈਸ਼ਨਲ ਬੈਂਕ ’ਚ ਮਰਜਰ ਦੀ ਚਰਚਾ ਹਾਸਿਆਂ ਤੇ ਭਾਰੂ ਦਿਖਾਈ ਦਿੱਤੀ। ਅੱਜ ਓਰੀਐਂਟਲ ਬੈਂਕ ਆਫ ਕਾਮਰਸ ਦੇ ਬਠਿੰਡਾ ਸਰਕਲ ਵੱਲੋਂ ਸਥਾਪਨਾ ਦਿਵਸ ਸਮਾਗਮ ਕਰਵਾਏ ਗਏ। ਬੈਂਕ ਵੱਲੋਂ ਇਸ ਮੌਕੇ ਪਵਿੱਤਰ ਗੁਰਬਾਣੀ ਦਾ ਪਾਠ ਕਰਵਾਇਆ ਗਿਆ ਅਤੇ ਬੈਂਕ ਨੇ ਲੰਗਰ ਵੀ ਲਾਇਆ। ਬੈਂਕ ਦੇ ਡੀਜੀਐਮ ਰਾਜ ਕੁਮਾਰ ਅਰੋੜਾ ਨੇ ਸਮਾਗਮ ਦੀ ਅਗਵਾਈ ਕੀਤੀ। ਇਸ ਮੌਕੇ ਵੱਖ ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ ਸੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਵਲ ਿਸ਼ਨ ਅਗਰਵਾਲ ਤੇ ਉਨਾਂ ਦੇ ਸਾਥੀਆਂ ਨੇ ਹਾਜਰੀ ਲੁਆਈ ਅਤੇ ਸਮੂਹ ਸਟਾਫ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਹਾਲਾਂਕਿ ਕਿਸੇ ਅਧਿਕਾਰੀ ਨੇ ਬੈਂਕ ਦੇ ਰਲੇਵੇਂ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਮੁਲਾਜਮਾਂ ਦੇ ਚਿਹਰੇ ਅੱਜ ਦੇ ਪ੍ਰੋਗਰਾਮ ਨੂੰ ਬੈਂਕ ਦਾ ਅੰਤਮ ਹੀ ਮੰਨ ਰਹੇ ਸਨ। ਇਸ ਮੌਕੇ ਬੈਂਕ ਮੁਲਾਜਮਾਂ ਨੇ ਦਿਲ ਖੋਹਲ ਕੇ ਸੇਵਾ ਕਾਰਜ ਕੀਤੇ ਅਤੇ ਹਰ ਆਉਣ ਜਾਣ ਵਾਲੇ ਨੂੰ ਜੀ ਆਇਆਂ ਆਖਿਆ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਬੈਂਕਾਂ ਦਾ ਅਕਾਰ ਵੱਡਾ ਕਰਨ ਦੇ ਮੰਤਵ ਨਾਲ ਓਬੀਸੀ ਸਮੇਤ ਕੁੱਝ ਬੈਂਕਾਂ ਦਾ ਪੰਜਾਬ ਨੈਸ਼ਨਲ ਬੈਂਕ ’ਚ ਰਲੇਵਾਂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜ ਸਹਿਯੋਗੀ ਬੈਂਕਾਂ ਸਟੇਟ ਬੈਂਕ ਆਫ ਪਟਿਆਲਾ,ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ,ਸਟੇਟ ਬੈਂਕ ਆਫ ਹੈਦਰਾਬਾਦ ਸਟੇਟ, ਬੈਂਕ ਆਫ ਮੈਸੂਰ ਤੇ ਸਟੇਟ ਬੈਂਕ ਆਫ ਟਰਾਵਨਕੋਰ ਨੂੰ ਸਟੇਟ ਬੈਂਕ ਆਫ ਇੰਡੀਆ ‘ਚ ਮਿਲਾਇਆ ਗਿਆ ਸੀ। ਬਠਿੰਡਾ ਜਿਲੇ ‘ਚ ਓਰੀਐਂਟਲ ਬੈਂਕ ਆਫ ਕਾਮਰਸ ਦੀਆ ਕਾਫੀ ਅਹਿਮ ਥਾਵਾਂ ਤੇ ਬਰਾਂਚਾਂ ਹਨ। ਇਸ ਰਲੇਵੇਂ ਨੂੰ ਲੈਕੇ ਕਾਫੀ ਲੰਮੇ ਸਮੇਂ ਤੋਂ ਰੌਲਾ ਰੱਪਾ ਚਲਦਾ ਆ ਰਿਹਾ ਹੈ। ਬੈਂਕ ਦੇ ਮੁਲਾਜਮਾਂ ‘ਚ ਆਪਣਾ ਅਦਾਰਾ ਖਤਮ ਹੋਣ ਦੀ ਪੀੜਾ ਮੌਜੂਦ ਹੈ । ਇਸ ਪੱਤਰਕਾਰ ਨੂੰ ਬੈਂਕ ਦੇ ਬਹੁਤੇ ਮੁਲਾਜਮਾਂ ’ਚ ਭਾਵੁਕਤਾ ਭਾਰੂ ਅਤੇ ਮਹੌਲ ਗਮਗੀਨ ਦਿਖਾਈ ਦਿੱਤਾ। ਖਾਸ ਤੌਰ ਤੇ ਬੈਂਕ ਦੇ ਪੁਰਾਣੇ ਪੁਰਸ਼ ਤੇ ਮਹਿਲਾ ਮੁਲਾਜਮ ਤਾਂ ਅੱਜ ਚੁੱਪਚਾਪ ਆਪੋ ਆਪਣੀਆਂ ਥਾਵਾਂ ਤੇ ਬੈਠੇ ਸਨ।
ਪਤਾ ਲੱਗਿਆ ਹੈ ਕਿ ਓਰੀਐਂਟਲ ਬੈਂਕ ਆਫ ਕਾਮਰਸ ਇੱਕ ਅਜਿਹਾ ਬੈਂਕ ਹੈ ਜਿਸ ਨਾਲ ਆਮ ਲੋਕਾਂ ਦੀ ਦਿਲੀ ਭਾਵਨਾ ਜੁੜੀ ਹੋਈ ਹੈ। ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਆਪਣੀ ਸਥਾਪਤੀ ਦੇ 78 ਸਾਲ ਪੂਰੇ ਹੋਣ ਤੇ ਉਨਾਂ ਨੂੰ ਇੱਕ ਵਾਰ ਫਿਰ ਤੋਂ ਜਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੋਵੇਗੀ। ਸੇਵਾਮੁਕਤੀ ਦੇ ਨਜ਼ਦੀਕ ਪੁੱਜੀ ਇੱਕ ਮਹਿਲਾ ਮੁਲਾਜਮ ਨੇ ਦੱਸਿਆ ਕਿ ਉਨਾਂ ਨੇ ਆਪਣੀ ਜਿੰਦਗੀ ਦੇ ਬਿਹਤਰੀਨ ਸਾਲ ਬੈਂਕ ਨਾਮੀ ਪੌਦਾ ਸਿੰਜਣ ’ਚ ਲਾਏ ਹਨ। ਹੁਣ ਜਦੋਂ ਬੈਂਕ ਦਾ ਨਾਮ ਹੀ ਨਹੀਂ ਰਹੇਗਾ ਤਾਂ ਉਨਾਂ ਦੇ ਦਿਲਾਂ ’ਚ ਮਲਾਲ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਦਾ ਫੈਸਲਾ ਉਨਾਂ ਤੇ ਬਿਜਲੀ ਦੇ ਰੂਪ ਵਿੱਚ ਆਣ ਡਿੱਗਾ ਹੈ। ਵਰਿਆਂ ਤੋਂ ਬੈਂਕ ’ਚ ਸੇਵਾ ਨਿਭਾ ਰਹੇ ਮੁਲਾਜਮਾਂ ਨੇ ਆਖਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਉਨਾਂ ਨੂੰ ਆਪਣੇ ਸ਼ਾਨਾਮੱਤੇ ਅਦਾਰੇ ਨੂੰ ਵਕਤ ਦੀ ਗਰਦਿਸ਼ ‘ਚ ਗੁੰਮ ਹੋਣ ਵਾਲਾ ਮੰਜਰ ਵੀ ਦੇਖਣਾ ਪਵੇਗਾ। ਇੱਕ ਮੁਲਾਜਮ ਦਾ ਪ੍ਰਤੀਕਰਮ ਸੀ ਕਿ ਸਰਕਾਰ ਤਰਫੋਂ ਬੈਂਕਾਂ ਦੀ ਗਿਣਤੀ ਘੱਟ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਨਾਲੋ ਨਾਲ ਹੀ ਪ੍ਰਾਈਵੇਟ ਘਰਾਣਿਆਂ ਨੂੰ ਨਵੇਂ ਬੈਂਕ ਖੋਹਲਣ ਲਈ ਲਾਈਸੰਸ ਜਾਰੀ ਕੀਤੇ ਜਾ ਰਹੇ ਹਨ। ਉਨਾਂ ਸਵਾਲ ਕੀਤਾ ਕਿ ਸਰਕਾਰੀ ਦਲੀਲ ਮੁਤਾਬਕ ਇਸ ਰਲੇਵੇਂ ਦਾ ਮੰਤਵ ਬੈਂਕਾਂ ਨੂੰ ਕੌਮਾਂਤਰੀ ਪੱਧਰ ਦਾ ਬਨਾਉਣਾ ਹੈ ਫਿਰ ਇਹ ਛੋਟੇ ਛੋਟੇ ਬੈਂਕ ਖੋਲਣ ਦੀ ਕੀ ਤੁਕ ਹੈ।
ਅਲਵਿਦਾ ਓਰੀਐਂਟਲ ਬੈਂਕ ਆਫ ਕਾਮਰਸ........
ਓਬੀਸੀ ਦੇ ਕੁੱਝ ਮੁਲਾਜਮਾਂ ਦਾ ਕਹਿਣਾ ਸੀ ਕਿ ਬੈਂਕ ਇੱਕ ਨਿਵੇਕਲੀ ਪਛਾਣ ਬਣੀ ਹੋਈ ਸੀ ਜੋਕਿ ਹੁਣ ਖਤਮ ਹੋ ਜਾਵੇਗੀ। ਉਨਾਂ ਕਿਹਾ ਕਿ ਇਹ ਬੈਂਕ ਦੇਸ਼ ਦੀ ਆਨ ਬਾਣ ਤੇ ਸ਼ਾਨ ਸੀ ਜਿਸ ਨੂੰ ਵਰਿਆਂ ਬੱਧੀ ਹਰ ਮੁਲਾਜਮ ਨੇ ਕਾਇਮ ਰੱਖਿਆ ਹੈ। ਉਨਾਂ ਕਿਹਾ ਕਿ ਮੁਲਾਜਮਾਂ ਦੇ ਖੂਨ ਦਾ ਕਤਰਾ ਕਤਰਾ ਅਦਾਰੇ ਦਾ ਕਰਜਈ ਹੈ ਤੇ ਇਸ ਫੈਸਲੇ ਨਾਲ ਉਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨਾਂ ਕਿਹਾ ਕਿ ਇਸ ਵੇਲੇ ਮੁਲਾਜਮਾਂ ਦੇ ਦਿਲ ਅੰਦਰੋਂ ਰੋ ਰਹੇ ਹਨ ਪ੍ਰੰਤੂ ਸਥਾਪਨਾ ਦਿਵਸ ਸਮਾਗਮਾਂ ਨੂੰ ਖੁਸ਼ੀ ਖੁਸ਼ੀ ਕੀਤਾ ਹੈ।
ਬੈਂਕ ਨੇ ਸੇਵਾ’ਚ ਮੋਹਰੀ ਭੂਮਿਕਾ ਨਿਭਾਈ :ਡੀ.ਜੀ.ਐਮ......
ਓਰੀਐਂਟਲ ਬੈਂਕ ਆਫ ਕਾਮਰਸ ਦੇ ਡੀਜੀਐਮ ਰਾਜ ਕੁਮਾਰ ਅਰੋੜਾ ਦਾ ਕਹਿਣਾ ਸੀ ਕਿ ਅੱਜ ਬੈਂਕ ਦਾ 78ਵਾਂ ਸਥਾਪਨਾ ਦਿਵਸ ਸਮਾਗਮ ਮਨਾਇਆ ਗਿਆ ਹੈ। ਉਨਾਂ ਆਖਿਆ ਕਿ ਸਾਲ 1943 ’ਚ ਲਹੌਰ ’ਚ ਸ਼ੁਰੂ ਕੀਤੇ ਗਏ ਇਸ ਬੈਂਕ ਨੇ ਦੇਸ਼ ਦੀ ਸੇਵਾ ’ਚ ਮੋਹਰੀ ਭੂਮਿਕਾ ਨਿਭਾਈ ਹੈ। ਉਨਾਂ ਦੱਸਿਆ ਕਿ ਇਸ ਵੇਲੇ ਭਾਰਤ ’ਚ ਓਬੀਸੀ ਦੀਆਂ 2400 ਬਰਾਂਚਾਂ ਅਤੇ 2600 ਏਟੀਐਮ ਹਨ ਜੋ ਲੋਕਾਂ ਨੂੰ ਸਫਲਤਾਪੂਰਵਕ ਸੇਵਾ ਦੇ ਰਹੇ ਹਨ। ਉਨਾਂ ਦੱਸਿਆ ਕਿ ਪੀਐਨਬੀ,ਓਬੀਸੀ ਤੇ ਯੁਨਾਈਟਿਡ ਬੈਂਕ ਦਾ ਰਲੇਵਾਂ ਹੋਣ ਤੇ ਹੁਣ ਦੇਸ਼ ਦਾ ਇਹ ਦੂਸਰਾ ਵੱਡਾ ਬੈਂਕ ਬਣ ਜਾਏਗਾ।