- ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀਆਂ ਦੀ ਮੈਂਬਰ ਮੰਜੂ ਦਲੇਰ ਵੱਲੋਂ ਜ਼ਿਲ੍ਹੇ ਦੇ ਸਮੂਹ ਈਓਜ ਅਤੇ ਸਫ਼ਾਈ ਕਰਮਚਾਰੀਆਂ ਨਾਲ ਮੀਟਿੰਗ
ਫ਼ਿਰੋਜਪੁਰ, 19 ਫਰਵਰੀ 2020 - ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀ ਦੀ ਮੈਂਬਰ ਸ਼੍ਰੀਮਤੀ ਮੰਜੂ ਦਲੇਰ ਵੱਲੋਂ ਜ਼ਿਲ੍ਹੇ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਰਿਵਿਊ ਕਰਨ ਲਈ ਜ਼ਿਲ੍ਹੇ ਦੇ ਸਮੂਹ ਸਫ਼ਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਵੀ ਹਾਜ਼ਰ ਸਨ।
ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਮੰਜੂ ਦਲੇਰ ਨੇ ਉਨ੍ਹਾਂ ਤੋਂ ਨਗਰ ਕੌਂਸਲ ਵੱਲੋਂ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ, ਤਨਖ਼ਾਹਾਂ, ਪੈਨਸ਼ਨਾਂ ਅਤੇ ਸਫ਼ਾਈ ਦੌਰਾਨ ਇਸਤੇਮਾਲ ਹੋਣ ਵਾਲੇ ਦਸਤਾਨੇ, ਮਾਸਕ ਅਤੇ ਹੋਰ ਸਾਜੋ-ਸਮਾਨ ਆਦਿ ਪਰੋਪਰ ਢੰਗ ਨਾਲ ਮਿਲਣ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਫ਼ਾਈ ਕਰਮਚਾਰੀਆਂ ਤੋਂ ਇਹ ਵੀ ਜਾਣਕਾਰੀ ਲਈ ਕਿ ਕੀ ਉਨ੍ਹਾਂ ਨੂੰ ਯੋਗਤਾ ਅਨੁਸਾਰ ਤਰੱਕੀ ਮਿਲ ਰਹੀ ਹੈ ਜਾਂ ਨਹੀਂ। ਸ਼੍ਰੀਮਤੀ ਮੰਜੂ ਦਲੇਰ ਨੇ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਸੀਵਰੇਜ ਦੇ ਅੰਦਰ ਵੜ ਕੇ ਸਫ਼ਾਈ ਨਾ ਕਰਨ ਬਲਕਿ ਸੀਵਰੇਜ ਦੀ ਸਫ਼ਾਈ ਆਟੋਮੈਟਿਕ ਮਸ਼ੀਨ ਰਾਹੀਂ ਹੀ ਕਰਨ ਅਤੇ ਜਲਦ ਹੀ ਉਨ੍ਹਾਂ ਨੂੰ 2 ਹੋਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਸ਼੍ਰੀਮਤੀ ਮੰਜੂ ਦਲੇਰ ਨੇ ਸਮੂਹ ਈਓਜ਼ ਨੂੰ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਨਿਰੰਤਰ ਮੈਡੀਕਲ ਚੈੱਕਅਪ ਅਤੇ ਸਰਕਾਰ ਦੀਆਂ ਹੋਰ ਭਲਾਈ ਸਕੀਮਾਂ ਉਨ੍ਹਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮੂਹ ਸਫ਼ਾਈ ਸੇਵਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਸ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਈਓਜ਼ ਨੂੰ ਸਫ਼ਾਈ ਸੇਵਕਾਂ ਨੂੰ ਯੋਗਤਾ ਅਨੁਸਾਰ ਤਰੱਕੀ ਦੇਣ ਲਈ ਵੀ ਆਖਿਆ। ਕੁੱਝ ਸਫ਼ਾਈ ਸੇਵਕਾਂ ਵੱਲੋਂ ਮੌਤ ਦੇ ਕੇਸ ਵਿਚ ਖ਼ਾਲੀ ਪਈਆਂ ਆਸਾਮੀ ਭਰਨ ਦੀ ਮੰਗ ਤੇ ਸ਼੍ਰੀਮਤੀ ਮੰਜੂ ਦਲੇਰ ਵੱਲੋਂ ਇਸ ਸਬੰਧੀ ਈਓਜ਼ ਨੂੰ ਸਫ਼ਾਈ ਸੇਵਕਾਂ ਦਾ ਡਾਟਾ ਭੇਜਣ ਲਈ ਕਿਹਾ ਅਤੇ ਇਨ੍ਹਾਂ ਕੇਸਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਨੂੰ ਜਲਦ ਹੀ ਭਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਸਫ਼ਾਈ ਸੇਵਕ ਵੀ ਸਾਡੀ ਫ਼ੌਜ ਦੇ ਵਾਂਗ ਹੀ ਰੱਖਿਆ ਕਰਦੇ ਹਨ, ਜਿਸ ਤਰ੍ਹਾਂ ਫ਼ੌਜ ਵਿਚ ਸੈਨਿਕ ਸਰਹੱਦਾਂ ਤੇ ਬੈਠ ਕੇ ਰੱਖਿਆ ਕਰਦੇ ਹਨ ਉਸੇ ਤਰ੍ਹਾਂ ਹੀ ਸਫ਼ਾਈ ਸੇਵਕ ਦੇਸ਼ ਵਿਚ ਗੰਦਗੀ ਨੂੰ ਸਾਫ਼ ਕਰ ਕੇ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ, ਇਸ ਲਈ ਇਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਐਸਡੀਐਮ ਅਮਿੱਤ ਗੁਪਤਾ, ਡੀਡੀਪੀਓ ਹਰਜਿੰਦਰ ਸਿੰਘ, ਈਓ ਫ਼ਿਰੋਜ਼ਪੁਰ ਪਰਮਿੰਦਰ ਸਿੰਘ, ਸਿਵਲ ਸਰਜਨ ਡਾ: ਹਰੀਨਰਾਇਨ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਆਦਿ ਹਾਜ਼ਰ ਸਨ।