ਲੋਕੇਸ਼ ਰਿਸ਼ੀ
- ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਪ੍ਰਦਰਸ਼ਨ ਕਾਰਿਆਂ ਦੇ ਆਪਣੇ ਖ਼ਿਲਾਫ਼ ਹੀ ਹੋ ਗਈ ਨਾਅਰੇਬਾਜ਼ੀ
ਗੁਰਦਾਸਪੁਰ, 20 ਫਰਵਰੀ 2020 - ਵੀਰਵਾਰ ਦੁਪਹਿਰ ਬਟਾਲਾ ਦੇ ਗਾਂਧੀ ਚੌਂਕ ਵਿਖੇ ਮਾਹੌਲ ਉਸ ਵੇਲੇ ਗਰਮੀ ਭਰਿਆ ਹੋ ਗਿਆ। ਜਦੋਂ ਰੋਜ਼-ਰੋਜ਼ ਲੱਗਣ ਵਾਲੇ ਧਰਨਿਆਂ ਤੋਂ ਅੱਕੇ ਦੁਕਾਨਦਾਰਾਂ ਵੱਲੋਂ ਲੋਕ ਇਨਸਾਫ ਪਾਰਟੀ ਦਾ ਧਰਨਾ ਚੁਕਵਾ ਦਿੱਤਾ ਗਿਆ। ਦੂਜੇ ਪਾਸੇ ਗ਼ੁੱਸੇ 'ਚ ਆ ਚੁੱਕੇ ਦੁਕਾਨਦਾਰਾਂ ਦਾ ਗ਼ੁੱਸਾ ਵੇਖਦਿਆਂ ਧਰਨਾਕਾਰੀਆਂ ਨੇ ਵੀ ਆਪਣਾ ਧਰਨਾ ਖ਼ਤਮ ਕਰਨਾ ਹੀ ਮੁਨਾਸਬ ਸਮਝਿਆ 'ਤੇ ਉੱਥੋਂ ਤੁਰਦੇ ਬਣੇ। ਹਾਲਾਂ ਕਿ ਇਸ ਤੋਂ ਪਹਿਲਾਂ ਪੁਲਿਸ ਅਤੇ ਪ੍ਰਸ਼ਾਸਨ ਵੀ ਇਹਨਾਂ ਧਰਨਾ ਕਾਰਿਆਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕਰ ਹਟੇ ਸਨ। ਪਰ ਜਦੋਂ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਹਲਕਾ ਪ੍ਰਧਾਨ ਨੇ ਕਿਸੇ ਦੀ ਵੀ ਨਾਂ ਮੰਨੀ। ਤਾਂ ਆਪਣਾ ਕਾਰੋਬਾਰ ਖ਼ਰਾਬ ਹੁੰਦਾ ਵੇਖ ਦੁਕਾਨਦਾਰਾਂ ਨੇ ਆਪ ਹੀ ਮੋਰਚਾ ਸੰਭਾਲ ਕੇ ਧਰਨਾ ਚੁਕਵਾਉਣ ਦਾ ਫ਼ੈਸਲਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਗਾਂਧੀ ਚੌਂਕ ਅਤੇ ਨੇੜਲੇ ਇਲਾਕਿਆਂ ਦੇ ਦੁਕਾਨਦਾਰਾਂ ਨੇ ਕਿਹਾ ਕਿ ਗਾਂਧੀ ਚੌਂਕ ਵਿਖੇ ਰੋਜ਼ਾਨਾ ਕਿਸੇ ਨਾ ਕਿਸੇ ਸਿਆਸੀ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕਰ ਦਿੱਤਾ ਜਾਂਦਾ ਹੈ। ਸ਼ਹਿਰ ਦਾ ਪ੍ਰਮੁੱਖ ਚੌਂਕ ਹੋਣ ਕਾਰਨ ਅਜਿਹੇ ਪ੍ਰਦਰਸ਼ਨਾਂ ਕਰ ਕੇ ਨਾ ਸਿਰਫ਼ ਆਮ ਰਾਹਗੀਰ ਪਰੇਸ਼ਾਨ ਹੁੰਦੇ ਹਨ। ਬਲ ਕੀ ਇਲਾਕੇ ਦੇ ਆਸ ਪਾਸ ਲੱਖਾਂ ਰੁਪਏ ਲਗਾ ਬੈਠੇ ਦੁਕਾਨਦਾਰਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂ ਕਿ ਇਹਨਾਂ ਧਰਨਿਆਂ ਕਾਰਨ ਗ੍ਰਾਹਕ ਵੀ ਇਸ ਇਲਾਕੇ 'ਚ ਆਉਣ ਤੋਂ ਕਤਰਾਉਣਾ ਸ਼ੁਰੂ ਹੋ ਚੁੱਕੇ ਹਨ।
ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲਿਆਂ ਤਾਂ ਲੋਕ ਇਨਸਾਫ ਪਾਰਟੀ ਦੇ ਬਟਾਲਾ ਹਲਕਾ ਇੰਚਾਰਜ ਵੱਲੋਂ ਆਪਣੇ 15-20 ਸਾਥੀਆਂ ਸਮੇਤ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਧਰਨਾ ਲਗਾਤਾਰ ਲਗਾਤਾਰ 6 ਘੰਟੇ ਜਾਰੀ ਰਿਹਾ। ਜਿਸ ਦੌਰਾਨ ਪੁਲਿਸ ਦੇ ਆਲਾ ਅਫ਼ਸਰਾਂ ਅਤੇ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਰਨਾ ਕਾਰਿਆਂ ਨਾਲ ਗੱਲ ਬਾਤ ਕਰ ਕੇ ਧਰਨਾ ਚੁੱਕਣ ਦੀ ਅਪੀਲ ਕੀਤੀ। ਪਰ ਧਰਨਾ ਕਾਰਿਆਂ ਨੇ ਉਨ੍ਹਾਂ ਦੀ ਵੀ ਨਹੀਂ ਮੰਨੀ ਅਤੇ ਰੋਡ ਜਾਮ ਰੱਖਿਆ।
ਅਖੀਰ ਦੁਕਾਨਦਾਰਾਂ ਨੇ ਆਪਣਾ ਧੰਦਾ ਖ਼ਰਾਬ ਹੋਣ ਤੋਂ ਅੱਕ ਕੇ ਆਪ ਇਸ ਧਰਨੇ ਨੂੰ ਚੁਕਵਾਉਣ ਦਾ ਫ਼ੈਸਲਾ ਕੀਤਾ। ਦੁਕਾਨਦਾਰਾਂ ਨੇ ਸਾਰੀਆਂ ਪਾਰਟੀਆਂ ਤੋਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਰੋਸ ਪ੍ਰਦਰਸ਼ਨ ਕਰਨ ਦੀ ਲੋੜ ਪੈਂਦੀ ਹੈ। ਤਾਂ ਸਬੰਧਿਤ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤੇ ਜਾਵੇ। ਨਾ ਕਿ ਸੜਕਾਂ ਜਾਮ ਕਰ ਕੇ ਆਮ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾਣ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਰੋਸ ਮੁਜ਼ਾਹਰਿਆਂ ਲਈ ਕਿਸੇ ਪਾਰਕ ਆਦਿ ਨੂੰ ਮੁਕੱਰਰ ਕੀਤਾ ਜਾਵੇ। ਤਾਂ ਜੋ ਅਜਿਹੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ।
ਉੱਥੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਬਟਾਲਾ ਹਲਕਾ ਇੰਚਾਰਜ ਵਿਜੇ ਤ੍ਰੇਹਨ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਟਾਲਾ ਦੀ ਬੁਰੀ ਹਾਲਤ ਸਬੰਧੀ ਆਪਣੇ ਸਮਰਥਕਾਂ ਸਮੇਤ ਗਾਂਧੀ ਚੌਂਕ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਲਗਾਇਆ ਗਿਆ ਸੀ ਜੋ ਕਿ ਕਰੀਬ 6 ਘੰਟੇ ਤੱਕ ਜਾਰੀ ਰਿਹਾ। ਤ੍ਰੇਹਨ ਨੇ ਮੰਨਿਆ ਉਨ੍ਹਾਂ ਦੇ ਧਰਨੇ ਕਾਰਨ ਦੁਕਾਨਦਾਰਾਂ ਅਤੇ ਆਮ ਰਾਹਗੀਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪਰ ਤ੍ਰੇਹਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਪ ਉਨ੍ਹਾਂ ਕੋਲ ਪਹੁੰਚ ਕੇ ਉਨ੍ਹਾਂ ਦੀ ਮੁਸ਼ਕਿਲ ਹੱਲ ਕਰਨਗੇ। ਜੋ ਨਾ ਹੋਣ ਕਾਰਨ ਧਰਨਾ ਏਨਾ ਲੰਮਾ ਸਮਾਂ ਚੱਲਦਾ ਰਿਹਾ।
ਉਕਤ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਐੱਸ.ਐੱਚ.ਓ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ। ਤਾਂ ਉਨ੍ਹਾਂ ਦੱਸਿਆ ਕਿ ਪਿਛਲੇ 6 ਘੰਟਿਆਂ ਤੋਂ ਚੱਲ ਰਹੇ ਧਰਨੇ ਨੂੰ ਖ਼ਤਮ ਕਰਵਾਉਣ ਲਈ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਸੇ ਦੀ ਵੀ ਨਹੀਂ ਮੰਨੀ। ਜਿਸ ਤੋਂ ਬਾਦ ਗਾਂਧੀ ਚੌਂਕ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਆਪ ਹੀ ਇਸ ਧਰਨੇ ਨੂੰ ਖ਼ਤਮ ਕਰਵਾ ਦਿੱਤਾ ਗਿਆ।