ਅਸ਼ੋਕ ਵਰਮਾ
- ਮੈਂ ਤਾਂ ਪੁੱਤ ਦੇ ਵਿਆਹ ਦਾ ਨਿਉਂਦਾ ਦੇਣ ਆਇਆ ਹਾਂ: ਨੱਢਾ
- ਅਕਾਲੀ ਭਾਜਪਾ ਗੱਠਜੋੜ ਨਹੁੰ ਮਾਸ ਦਾ ਰਿਸ਼ਤਾ
ਸ੍ਰੀ ਮੁਕਤਸਰ ਸਾਹਿਬ-ਲੰਬੀ, 20 ਫਰਵਰੀ 2020। ਭਾਰਤੀ ਜੰਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਅੱਜ ਸਵੇਰੇ ਸਾਬਕਾ ਮੁੱਖ ਮ੍ਰੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਪਿੰਡ ਬਾਦਲ ਪੁੱਜੇ। ਦਿੱਲੀ ਚੋਣਾਂ ’ਚ ਭਾਜਪਾ ਦੀ ਕਰਾਰੀ ਹਾਰ ਅਤੇ ਕੁੱਝ ਦਿਨ ਪਹਿਲਾਂ ਰਾਜਾ ਸਾਂਸੀ ਰੈਲੀ ਦੌਰਾਨ ਵੱਡੇ ਬਾਦਲ ਵੱਲੋਂ ਟੇਢੇ ਢੰਗ ਨਾਲ ਮੋਦੀ ਹਕੂਮਤ ਖਿਲਾਫ ਕੀਤੀਆਂ ਟਿੱਪਣੀਆਂ ਅਤੇ ਪੰਜਾਬ ’ਚ ਅਕਾਲੀ ਭਾਜਪਾ ਗੱਠਜੋੜ ਟੁੱਟਣ ਦੀ ਚਰਚਾ ਉਪਰੰਤ ਨੱਢਾ ਦੀ ਇਸ ਫੇਰੀ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੱਢਾ ਨੇ ਫੇਰੀ ਨੂੰ ਆਪਣੇ ਲੜਕੇ ਦੇ ਵਿਆਹ ਦਾ ਕਾਰਡ ਦੇਣ ਲਈ ਆਉਣਾ ਦੱਸਿਆ ਹੈ ਪਰ ਸਿਆਸੀ ਮਾਹਿਰਾਂ ਨੇ ਭਾਜਪਾ ਦੀ ਡਿਗਦੀ ਸਾਖ ਉਪਰੰਤਤ ਐਨਡੀਏ ਭਾਈਵਾਲਾਂ ਖਾਸ ਤੌਰ 'ਤੇ ਅਕਾਲੀ ਦਲ ਦੀ ਨਰਾਜਗੀ ਦੂਰ ਕਰਨ ਦਾ ਯਤਨ ਕਰਾਰ ਦਿੱਤਾ ਹੈ।
ਸ੍ਰੀ ਨੱਢਾ ਨੇ ਆਖਿਆ ਕਿ ਸ੍ਰੀ ਬਾਦਲ ਨਾਲ ਉਨਾਂ ਦਾ ਪ੍ਰੀਵਾਰਕ ਰਿਸ਼ਤਾ ਹੈ ਜਿਸ ਕਰਕੇ ਅੱਜ ਉਨਾਂ ਨੇ ਪੁੱਤਰ ਦੇ ਵਿਆਹ ਦਾ ਨਿਉਂਦਾ ਦਿੱਤਾ ਹੈ। ਉਨਾਂ ਆਖਿਆ ਕਿ ਉਨਾਂ ਦੀ ਦਿਲੀ ਇੱਛਾ ਹੈ ਕਿ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਵਿਚਕਾਰ ਰਿਸ਼ਤਾ ਹਮੇਸਾ ਕਾਇਮ ਰਹੇ। ਉਨਾਂ ਕਿਹਾ ਕਿ ਜਦੋਂ ਉਹ ਪੰਜਾਬ ਦੇ ਪ੍ਰਧਾਨ ਸਨ ਤਾਂ ਉਦੋਂ ਤੋਂ ਹੀ ਸਾਬਕਾ ਮੁੱਖ ਮੰਤਰੀ ਨਾਲ ਸਿਆਸੀ ਅਤੇ ਪ੍ਰੀਵਾਰਕ ਸਾਂਝ ਰਹੀ ਹੈ। ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਆਖਿਆ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਸਿਆਸੀ ਨਹੀਂ ਸਗੋਂ ਨਹੁੰ ਮਾਸ ਦਾ ਰਿਸ਼ਤਾ ਹੈ ਜਿਸ ’ਚ ਕਦੇ ਵੀ ਤਰੇੜ ਨਹੀਂ ਆ ਸਕਦੀ। ਉਨਾਂ ਆਖਿਆ ਕਿ ਐਨਡੀਏ ਦੇ ਸੀਨੀਅਰ ਆਗੂ ਨਾਲ ਉਨਾਂ ਦੀ ਮੁਲਾਕਾਤ ਦੀ ਇੱਛਾ ਸੀ ਜੋ ਅੱਜ ਪੂਰੀ ਹੋਈ ਹੈ। ਨਾਗਰਿਕ ਸੋਧ ਬਿੱਲ ਬਾਰੇ ਉਨਾਂ ਆਖਿਆ ਕਿ ਇਸ ਬਾਰੇ ਪਾਰਟੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੀ ਹੈ ਅਤੇ ਕਿਸੇ ਦੀ ਨਾਗਰਿਕਤਾ ਖੋਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹੋਈ ਹਾਰ ਤੇ ਉਨਾਂ ਆਖਿਆ ਕਿ ਇਸ ਲਈ ਪਾਰਟੀ ਚਿੰਤਨ ਕਰ ਰਹ ਹੈ ਅਤੇ ਕਾਰਨਾਂ ਨੂੰ ਦੂਰ ਕੀਤਾ ਜਾਏਗਾ। ਜੇ ਪੀ ਨੱਡਾ ਨੇ ਦਾਅਵਾ ਕੀਤਾ ਕਿ 2022 ’ਚ ਅਕਾਲੀ ਭਾਜਪਾ ਗੱਠਜੋੜ ਬਰਕਾਰ ਬਣੇੇਗੀ। ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਖਜਾਨਾ ਖਾਲੀ ਹੋਣ ਦਾ ਡਰਾਮਾ ਰਚ ਕੇ ਵੋਟਰਾਂ ਨੂੰ ਧੋਖੇ ਵਿੱਚ ਰੱਖ ਰਹੀ ਹੈ। ਇਸ ਮੌਕੇ ਉਨਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਪ੍ਰਭਾਤ ਝਾਅ, ਦਿਆਲ ਸੋਢੀ, ਦਿਨੇਸ਼ ਕੁਮਾਰ,ਜੀਵਨ ਗੁਪਤਾ,ਪਰਵੀਨ ਬਾਂਸਲ, ਵਿਧਾੲਕ ਅਰੁਣ ਨਾਂਰੰਗ, ਸਾਬਕਾ ਮੰਰੀ ਸੁਰਜੀਤ ਜਿਆਣੀ ਅਤੇ ਭਾਜਪਾ ਆਗੂ ਰਜੇਸ਼ ਪਠੇਲਾ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਹਾਜਰ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਨੱਢਾ ਬਠਿੰਡਾ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਬਠਿੰਡਾ ਦੀ ਲੀਡਰਸ਼ਿਪ ਨੇ ਉਨਾਂ ਦਾ ਸਵਾਗਤ ਕੀਤਾ। ਉਸ ਮਗਰੋਂ ਸ੍ਰੀ ਨੱਢਾ ਸੜਕੀ ਰਸਤੇ ਰਾਹੀਂ ਲੰਬੀ ਰਵਾਨਾ ਹੋ ਗਏ।
ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੇ ਕਾਫੀ ਆਗੂ ਅਕਾਲੀ ਦਲ ਤੇ ਹੱਲੇ ਕਰਦੇ ਆ ਰਹੇ ਸਨ। ਖਾਸ ਤੌਰ ਤੇ ਗੱਠਜੋੜ ਟੁੱਟਣ ਦੀਆਂ ਖਬਰਾਂ ਨੂੰ ਹਵਾ ਦਿੱਤੀ ਜਾ ਰਹੀ ਸੀ। ਮੀਡੀਆ ’ਚ ਵੀ ਇਹੋ ਕਿਆਸਆਰਾਈਆਂ ਸਨ ਕਿ ਭਾਈਵਾਲਾਂ ਦਾ ਆਪਸੀ ਰਿਸ਼ਤਾ ਟੁੱਟਣ ਕੰਢੇ ਹੈ। ਰਾਜਸਾਂਸੀ ਰੈਲੀ ’ਚ ਸਾਬਕਾ ਮੁੱਖ ਮੰਤਰੀ ਵੱਲੋਂ ਮੋਦੀ ਸਰਕਾਰ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਦਿੱਤੀ ਨਸੀਹਤ ਉਪਰੰਤ ਭਾਜਪਾ ਨੂੰ ਸਿਆਸੀ ਨੁਕਸਾਨ ਦਾ ਖਦਸ਼ਾ ਜਤਾਉਣ ਲੱਗਿਆ ਸੀ।ਜਿਕਰ ਕਰਨਾ ਬਣਦਾ ਹੈ ਕਿ ਅਕਾਲੀ ਦਲ ਹਰਿਆਣਾਂ ਚੋਣਾ ਲੜਨ ਦਾ ਚਾਹਵਾਨ ਸੀ ਪਰ ਭਾਰਤੀ ਜੰਤਾ ਪਾਰਟੀ ਹਰਿਆਣਾ ਨੇ ਅਕਾਲੀ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ।
ਸਿੱਟੇ ਵਜੋਂ ਵੱਡੇ ਵੱਡੇ ਦਮਗਜੇ ਮਾਰਨ ਵਾਲਾ ਹਰਿਆਣਾ ਦੁ ਮੁੱਖ ਮੰਤਰੀ ਮਨਸਹਰ ਲਾਲ ਖੱਟੜ ਆਪਣੇ ਬਲਬੂਤੇ ਤੇ ਬਹੁਮੱਤ ਨਾਂ ਲੈ ਸਕਿਆ ਅਤੇ ਮਜਬੂਰੀ ਵੱਸ ਡਿਪਟੀ ਸੀਐਮ ਦੀ ਕੁਰਸੀ ਦੇ ਕੇ ਜੇਜੇਪੀ ਨਾਂਲ ਸਾਂਝ ਪਾਉਣੀ ਪਈ। ਇਸੇ ਤਰਾਂ ਹੀ ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਇਕ ਵੀ ਸੀਟ ਆਪਣੇ ਸਹਿਯੋਗੀ ਪਾਰਟੀ ਅਕਾਲੀ ਦਲ ਨੂੰ ਨਹੀਂ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਰਾਜ ਵੀ ਹੋਏ ਫਿਰ ਵੀ ਉਨਾਂ ਜੇਪੀ ਨੱਢਾ ਨੂੰ ਘਰ ਸੱਣ ਕੇ ਭਾਜਪਾ ਨੂੰ ਬਿਨਾਂ ਹਮਾਇਤ ਦਾ ਐਲਾਨ ਕਰ ਦਿੱਤਾ। ਫਿਰ ਵੀ ਸਿੱਖ ਬਹੁਲਤਾ ਵਾਲੇ ਇਲਾਕਿਆਂ ’ਚ ਆਮ ਆਦਮੀ ਪਾਰਟੀ ਨੇ ਮੋਰਚਾ ਮਾਰ ਲਿਆ। ਅੱਜ ਵੀ ਸ੍ਰੀ ਬਾਦਲ ਨੇ ਇਸ ਸਬੰਧੀ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਿਸ ਨੇ ਕਈ ਤਰਾਂ ਦੀ ਚਰਚਾ ਨੂੰ ਹਵਾ ਦਿੱਤੀ ਹੈ। ਵੱਡੇ ਬਾਦਲ ਦੇ ਹੁੰਦਿਆਂ ਅਕਾਲੀ ਆਗੂਆਂ ਦੀ ਗਹਿਮਾਗਹਿਮੀ ਦਾ ਕੇਂਦਰ ਰਹਿਣ ਵਾਲੇ ਪਿੰਡ ਬਾਦਲ ’ਚ ਅਕਾਲੀ ਆਗੂ ਗਾਇਬ ਰਹੇ। ਸਿਰਫ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਨੇ ਹੀ ਨੱਢਾ ਦਾ ਸੁਆਗਤ ਕੀਤਾ।