ਅਸ਼ੋਕ ਵਰਮਾ
ਬਠਿੰਡਾ, 20 ਫਰਵਰੀ 2020 - ਬਠਿੰਡਾ ਪੁਲਿਸ ਨੇ ਪੰਜਾਬ ਸਟੇਟ ਲਾਟਰੀ ਦੇ ਨਾਮ ਹੇਠ 35 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਇੱਕ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਮਾਮਲੇ ਦੀਆਂ ਪਰਤਾਂ ਖੋਹਲਣ ਲਈ ਪੜਤਾਲ ’ਚ ਜੁਟ ਗਈ ਹੈ। ਪੁਲਿਸ ਨੇ ਫਿਲਹਾਲ ਪਰਦੀਪ ਕੁਮਾਰ ਪੁੱਤਰ ਜੁਗਰਾਜ ਦਾਸ ਵਾਸੀ ਨਵੀਂ ਬਸਤੀ ਬਠਿੰਡਾ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਹੈਰਾਨਕੁੰਨ ਪਹਿਲੂ ਹੈ ਕਿ ਪੀੜਤ ਪਰਿਵਾਰ ਆਪਣਾ ਸਭ ਕੁੱਝ ਗੁਆ ਬੈਠਾ ਤਾਂ ਹੋਸ਼ ’ਚ ਆਇਆ। ਵਿਸ਼ੇਸ਼ ਤੱਥ ਹੈ ਕਿ ਇਸ ਮਾਮਲੇ ’ਚ ਸ਼ਾਮਲ ਮੁਲਜਮ ਨੇ ਪਰਿਵਾਰ ਨੂੰ ਆਪਣਾ ਸ਼ਿਕਾਰ ਬਨਾਉਣ ਲਈ ਉਨਾਂ ਦੀ ਮੋਟਾ ਮੁਨਾਫਾ ਕਮਾਉਣ ਅਤੇ ਅਮੀਰੀ ਦੀ ਅੱਥਰੀ ਲਾਲਸਾ ਦਾ ਫਾਇਦਾ ਉਠਾਇਆ ਹੈ।
ਪੀੜਤਾ ਕੰਚਨ ਸ਼ਰਮਾ ਪਤਨੀ ਗੁਰਵਿੰਦਰ ਸ਼ਰਮਾ ਨੇ ਐਸਐਸਪੀ ਨੂੰ ਆਪਣੇ ਪਰਿਵਾਰ ਨਾਲ ਹੋਈ ਠੱਗੀ ਸਬੰਧੀ ਇਨਸਾਫ ਲਈ ਦਰਖਾਸਤ ਦਿੱਤੀ ਸੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਪ੍ਰਦੀਪ ਕੁਮਾਰ ਉਰਫ ਦੀਪੂ ਉਨਾਂ ਦੇ ਘਰ ਆਇਆ ਅਤੇ ਪੰਜਾਬ ਸਟੇਟ ਲਾਟਰੀ ’ਚ ਮੋਟੇ ਮੁਨਾਫੇ ਦੀ ਗੱਲ ਕਹਿ ਕੇ ਪੈਸੇ ਲਾਉਣ ਲਈ ਆਖਿਆ। ਪੀੜਤਾ ਨੇ ਪ੍ਰਦੀਪ ਕੁਮਾਰ ਨੂੰ 35 ਲੱਖ ਰੁਪਏ ਲਾ ਦਿੱਤੇ ਸਨ। ਜਦੋਂ ਲਾਟਰੀ ਬੰਦ ਹੋਣ ਬਾਰੇ ਪਤਾ ਲੱਗਿਆ ਤਾਂ ਉਨਾਂ ਨੇ ਪੁਲਿਸ ਕੋਲ ਪਹੰਚ ਕੀਤੀ। ਸ਼ਕਾਇਤ ’ਚ ਦੱਸਿਆ ਹੈ ਕਿ ਉਨਾਂ ਕੋਲ ਇਸ ਸਬੰਧੀ ਸਬੂਤ ਮੌਜੂਦ ਹਨ। ਉਨਾਂ ਦੱਸਿਆ ਕਿ ਪੈਸਿਆਂ ਦਾ ਤਕਾਜਾ ਕਰਨ ਤੇ ਉਨਾਂ ਨੂੰ ਪ੍ਰਦੀਪ ਕੁਮਾਰ ਨੇ ਆਪਣੀ ਸਿਆਸੀ ਪਹੁੰਚ ਦੀਆਂ ਕਥਿਤ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਇਸ ਬਾਰੇ ਹਿੱਸਾ ਦਿੰਦੇ ਹਨ ਤੇ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਉਨਾਂ ਦੱਸਿਆ ਕਿ ਉਨਾਂ ਕੋਲ ਇਸ ਸਬੰਧੀ ਰਿਕਾਰਡਿੰਗ ਮੌਜੂਦ ਹੈ। ਸ਼ਕਾਇਤ ’ਚ ਪੰਜਾਬ ਸਰਕਾਰ ਅਤੇ ਉਨਾਂ ਨਾਲ ਧੋਖਾ ਕਰਨ ਦੀ ਗੱਲ ਆਖਕੇ ਕਾਰਵਾਈ ਅਤੇ 35 ਲੱਖ ਰੁਪਿਆ ਵਾਪਸ ਕਰਵਾਉਣ ਦੀ ਮੰਗ ਕੀਤੀ ਸੀ।
ਡੀਐਸਪੀ ਵੱਲੋਂ ਕੀਤੀ ਗਈ ਜਾਂਚ
ਐਸੋਐਸਪੀ ਨੇ ਕੰਚਨ ਸ਼ਰਮਾ ਵੱਲੋਂ ਦਿੱਤੀ ਸ਼ਕਾਇਤ ਦੀ ਪੜਤਾਲ ਡੀਐਸਪੀ (ਸਿਟੀ ਵਨ) ਨੂੰ ਸੌਂਪੀ ਗਈ ਸੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪ੍ਰਦੀਪ ਕੁਮਾਰ ਕੰਪਿਊਟਰ ਤੇ ਪੰਜਾਬ ਲਾਟਰੀ ਦਾ ਧੰਦਾ ਕਰਦਾ ਸੀ ਜਿਸ ਕੋਲ ਗੁਰਵਿੰਦਰ ਸ਼ਰਮਾ ਦਾ ਲਾਟਰੀ ਲਾਉਣ ਲਈ ਆਉਣਾ ਜਾਣਾ ਸੀ ਜਿਸ ਨੂੰ ਵਟਸਐਪ ਤੇ ਨਤੀਜੇ ਭੇਜੇ ਜਾਂਦੇ ਸਨ। ਰਿਪੋਰਟ ’ਚ ਲਿਖਿਆ ਹੈ ਕਿ ਸ਼ਕਾਇਤਕਰਤਾ ਕੁੱਝ ਸਬੂਤ ਵੀ ਨਹੀਂ ਪੇਸ਼ ਕਰ ਸਕਿਆ। ਡੀਐਸਪੀ ਨੇ ਆਪਣੀ ਰਿਪੋਰਟ ’ਚ ਸ਼ਕਾਇਤ ’ਚ ਕਹੀਂ ਨੱਗੀ ਵੱਜਣ ਦੀ ਗੱਲ ਨੂੰ ਸਹੀ ਕਰਾਰ ਦਿੰਦਿਆਂ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ।
ਜਮੀਨ ਅਤੇ ਸੋਨਾ ਵੇਚ ਕੇ ਦਿੱਤਾ ਪੈਸਾ
ਸ਼ਕਾਇਤ ’ਚ ਦੱਸਿਆ ਹੈ ਕਿ ਉਨਾਂ ਵੱਲੋਂ ਕੁੱਲ 35 ਲੱਖ ਰੁਪਿਆ ਦਿੱਤਾ ਗਿਆ ਹੈ। ਇਸ ਚੋਂ 32 ਲੱਖ ਰੁਪਿਆ ਪਿੰਡ ਦੀ ਦੋ ਕਿੱਲੇ ਜੱਦੀ ਜਮੀਨ ਵੇਚ ਕੇ ਦਿੱਤਾ ਸੀ ਜਦੋਂਕਿ 4 ਲੱਖ ਰੁਪਏ ਪਲਾਟ ਵੇਚਕੇ ਅਦਾ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ ਲਾਲਚ ’ਚ ਆ ਕੇ ਇਹ ਪਰਿਵਾਰ ਠੱਗਿਆ ਗਿਆ ਹੈ।
ਐਸਐਸਪੀ ਦੇ ਹੁਕਮਾਂ 'ਤੇ ਠੱਗੀ ਦਾ ਕੇਸ ਦਰਜ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ ਦਿੱਤੇ ਹੁਕਮਾਂ ਦੇ ਅਧਾਰ ਤੇ ਮੁਦਈ ਕੰਚਨ ਸ਼ਰਮਾ ਪਤਨੀ ਗੁਰਵਿੰਦਰ ਸ਼ਰਮਾ ਵਾਸੀ ਅਮਰਪੁਰਾ ਬਸਤੀ ਦੇ ਬਿਆਨਾਂ ਤੇ ਪ੍ਰਦੀਪ ਕੁਮਾਰ ਉਰਫ ਦੀਪੂ ਪੁੱਤਰ ਜੁਗਰਾਜ ਦਾਸ ਨਵੀਂ ਬਸਤੀ ਬਠਿੰਡਾ ਖਿਲਾਫ ਧਾਰਾ 420 ਤਹਿਤ ਮੁਕੱਦਮਾ ਨੰਬਰ 34 ਦਰਜ ਕੀਤਾ ਹੈ । ਇਸ ਮਾਮਲੇ ਦੀ ਅਗਲੀ ਕਾਰਵਾਈ ਲਈ ਮਾਮਲਾ ਸਬ ਇੰਸਪੈਕਟਰ ਗੁਨੇਸ਼ਵਰ ਕੁਮਾਰ ਨੂੰ ਸੌਂਪੀ ਦਿੱਤਾ ਗਿਆ ਹੈ। ਪੜਤਾਲੀਆ ਅਫਸਰ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਮੁਲਜਮਾਂ ਦੀ ਤਲਾਸ਼ ਸ਼ੁਰੂ:ਜਾਂਚ ਅਧਿਕਾਰੀ
ਇਸ ਮਾਮਲੇ ਦੇ ਤਫਤੀਸ਼ੀ ਅਫਸਰ ਸਬ ਇੰਸਪੈਕਟਰ ਗੁਨੇਸ਼ਵਰ ਕੁਮਾਰ ਦਾ ਕਹਿਣਾ ਸੀ ਕਿ ਨਾਮਜਦ ਮੁਲਾਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਸ ਨੂੰ ਗਿ੍ਰਫਤਾਰ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਮੁਲਜਮਾਂ ਤੋਂ ਪੁੱਛ ਪੜਤਾਲ ਦੌਰਾਨ ਪਤਾ ਲਾਇਆ ਜਾਏਗਾ ਕਿ ਉਸ ਨੇ ਕਿਸ ਤਰਾਂ ਠੱਗੀ ਮਾਰੀ ਅਤੇ ਕੋਈ ਹੋਰ ਤਾਂ ਇਸ ਮਾਮਲੇ ’ਚ ਸ਼ਾਮਲ ਨਹੀਂ ਹੈ।