ਅਸ਼ੋਕ ਵਰਮਾ
ਮਾਨਸਾ, 20 ਫਰਵਰੀ 2020 - ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਮਾਨਸਾ ਕਚਹਿਰੀ ਵਿੱਚ ਪਹੁੰਚਣ ’ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਉਨ੍ਹਾਂ ਦੀ ਨਵੀਂ ਰਾਜਨੀਤਿਕ ਪਾਰੀ ਲਈ ਵਧਾਈ ਦਿੱਤੀ ਅਤੇ ਖੁਸ਼ੀ ਪ੍ਰਗਟਾਈ। ਇਸ ਸਮੇਂ ਐਡਵੋੇਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਥਾਪਨਾ ਪੰਜਾਬ ਵਿੱਚ ਹੋਈ ਹੈ, ਉਸ ਸਮੇਂ ਤੋਂ ਹੀ ਮਾਨਸਾ ਬਾਰ ਐਸੋਸੀਏਸ਼ਨ ਨਾਲ ਸਬੰਧਤ ਐਡਵੋਕੇਟ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਮਾਨਸਾ ਜਿਲ੍ਹੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵੀ ਬਾਰ ਐਸੋਸੀਏਸ਼ਨ ਮਾਨਸਾ ਦੇ ਮੈਂਬਰਾਂ ਨੇ ਮਹੱਤਵਪੂਰਣ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਣ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮ ਹਨ ਅਤੇ ਦਿੱਲੀ ਸਰਕਾਰ ਦੀਆਂ ਉਪਲਬਧੀਆਂ ਨੂੰ ਉਹ ਮਾਨਸਾ ਜਿਲ੍ਹੇ ਦੇ ਘਰ ਘਰ ਜਾ ਕੇ ਜਿਲ੍ਹੇ ਦੇ ਲੋਕਾਂ ਨੂੰ ਦੱਸਣਗੇ ਅਤੇ ਪਾਰਟੀ ਨੂੰ ਗਰਾਊਂਡ ਪੱਧਰ ’ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਆਪਣੇ ਪੁਰਾਣੇ ਰਾਜਨੀਤਿਕ ਤਜ਼ਰਬੇ ਦੇ ਆਧਾਰ ’ਤੇ ਕਰਨ ਦੀ ਕੋਸ਼ਿਸ਼ ਕਰਨਗੇ।
ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਗੁਰਲਾਭ ਸਿੰਘ ਮਾਹਲ, ਬਿਮਲਜੀਤ ਸਿੰਘ, ਦਰਸ਼ਨ ਸ਼ਰਮਾ, ਸਾਧੂ ਸਿੰਘ ਦੰਦੀਵਾਲ, ਲਲਿਤ ਕੁਮਾਰ ਅਰੋੜਾ, ਅਮਨਦੀਪ ਭੁੱਲਰ, ਸ਼ਮਸ਼ੇਰ ਖੋਖਰ ਸਾਬਕਾ ਪ੍ਰਧਾਨ ਬਾਰ ਐਸੋਸਏਸ਼ਨ ਮਾਨਸਾ, ਧਰਮਿੰਦਰ ਸਿੰਘ ਸਰਾਂ, ਸੰਜੀਵ ਕੁਮਾਰ ਲਾਲਾ, ਰਣਦੀਪ ਸ਼ਰਮਾ, ਪਰਮਿੰਦਰ ਸਿੰਘ ਬਹਿਣੀਵਾਲ, ਸਹਿਜਪਾਲ ਸਿੰਘ ਮੰਡੇਰ, ਅਮਨਦੀਪ ਸਿੰਘ ਝੁਨੀਰ, ਅਭਿਨੰਦਨ ਸ਼ਰਮਾ ਹੈਰੀ ਸਾਬਕਾ ਪ੍ਰਧਾਨ ਲੀਗਲ ਸੈਲ, ਮਾਨਸਾ, ਜਸਪਾਲ ਕੜਵਲ ਆਦਿ ਹਾਜ਼ਰ ਸਨ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਦਾਤੇਵਾਸ, ਵਿਧਾਨ ਸਭਾ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੁੱਚਰ, ਸ਼ਹਿਰੀ ਪ੍ਰਧਾਨ ਐਡਵੋਕੇਟ ਕਮਲ ਗੋਇਲ, ਮਾਨਸਾ ਜਿਲ੍ਹਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ, ਸ਼ਿੰਗਾਰਾ ਸਿੰਘ ਅਤੇ ਡਾ. ਵਿਜੈ ਸਿੰਗਲਾ ਵੱਲੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਆਮ ਆਦਮੀ ਪਾਰਟੀ ਵਿੱਚ ਆਉਣ ’ਤੇ ਸਵਾਗਤ ਕੀਤਾ ਗਿਆ।