ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ 2020 - ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਤਖਤ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਘੁੰਗਰਾਲੀ ਸਿਖਾਂ, ਸੂਚਨਾ ਅਫਸਰ ਹਰਦੇਵ ਸਿੰਘ, ਐਸ ਡੀ ਐਮ ਕਨੂ ਗਰਗ, ਤਹਿਸੀਲਦਾਰ ਰਾਮ ਕ੍ਰਿਸ਼ਨ ਵੀ ਹਾਜਰ ਸਨ।
ਡੀ.ਸੀ. ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਦੇ ਹੱਲੋ ਮਹੱਲੇ ਮੌਕੇ ਵਾਤਾਵਰਣ ਅਤੇ ਪੋਣ ਪਾਣੀ ਨੂੰ ਸਾਫ ਸੁਧਰਾ ਰੱਖਣ ਲਈ ਸੰਗਤਾਂ ਨੂੰ ਪਲਾਸਟਿਕ ਦੇ ਸਮਾਨ ਦੀ ਹੋਲੇ ਮਹੱਲੇ ਦੌਰਾਨ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ ਲੰਗਰਾਂ ਵਿੱਚ ਪਲਾਸਟਿਕ ਦੇ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਹੋਲੇ ਮਹੱਲੇ ਦੌਰਾਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਰ ਢੁਕਵਾਂ ਉਪਰਾਲਾ ਕੀਤਾ ਜਾਵੇ। ਡੀ.ਸੀ. ਨੇ ਕਿਹਾ ਕਿ ਪ੍ਰਸਾਸ਼ਨ ਵਲੋਂ ਵੀ ਇਸ ਲਈ ਹੋਰ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਸੇਵੀ ਸੰਗਠਨਾਂ ਤੋਂ ਵੀ ਪਲਾਸਟਿਕ ਮੁਕਤ ਹੋਲੇ ਮਹੱਲੇ ਦੇ ਪ੍ਰਬੰਧ ਕਰਨ ਵਿੱਚ ਸਹਿਯੋਗ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਕੌਮੀ ਮਹੱਤਵ ਰੱਖਣ ਵਾਲੇ ਤਿਉਹਾਰ ਹੋਲੇ ਮਹੱਲੇ ਦੌਰਾਨ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਜੋ ਵੀ ਸੁਝਾਅ ਦਿੱਤੇ ਗਏ ਹਨ ਉਹਨਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਬਬਲਾਨੀ ਨੂੰ ਪਲਾਸਟਿਕ ਮੁਕਤ ਹੋਲਾ ਮਹੱਲਾ ਮਨਾਉਣ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਹੋਲੇ ਮਹੱਲੇ ਦੌਰਾਨ ਸੰਗਤਾਂ ਨੂੰ ਪੇਸ਼ ਆਉਣ ਵਾਲੀਆਂ ਔਕੜਾ ਬਾਰੇ ਦੱਸਿਆ ਜਿਹਨਾਂ ਦਾ ਸ੍ਰੀ ਵਿਨੇ ਬਬਲਾਨੀ ਨੇ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿੱਤਾ।