ਮਨਪ੍ਰੀਤ ਸਿੰਘ ਜੱਸੀ
- ਕਿਰਸਾਨੀ ਸਬੰਧੀ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦਾ ਕੀਤਾ ਜਾਵੇਗਾ ਉਪਰਾਲਾ
- 10 ਪਿੰਡਾਂ ਨੂੰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ
- ਜੈਵਿਕ ਖੇਤੀ ਨੂੰ ਕੀਤਾ ਜਾਵੇਗਾ ਉਤਸ਼ਾਹਤ
ਅੰਮ੍ਰਿਤਸਰ, 20 ਫਰਵਰੀ 2020 - ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਆਮ ਕਿਸਾਨਾਂ ਨੂੰ ਜਾਗਰੂਕ ਕਰਨ ਲਈ 'ਚਲੋ ਪਿੰਡ ਚੱਲੀਏ' ਮੁਹਿੰਮ ਦਾ ਆਗਾਜ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ 10 ਪਿੰਡਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਨ੍ਹਾਂ ਪਿੰਡਾਂ ਨੂੰ ਪ੍ਰਦੂਸ਼ਣ ਅਤੇ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ। ਸਥਾਨਕ ਬੱਚਤ ਭਵਨ ਵਿਖੇ ਖੇਤੀਬਾੜੀ, ਉਦਯੋਗ, ਫੂਡ ਪ੍ਰਾਸੈਸਿੰਗ ਨਾਲ ਸਬੰਧਤ ਉਦਯੋਗਪਤੀਆਂ ਅਤੇ ਅਗਾਂਹਵਧੂ ਕਿਸਾਨਾਂ ਨਾਲ ਕੀਤੀ ਮੀਟਿੰਗ ਵਿਚ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਨੂੰ ਪਿੰਡ ਪੱਧਰ ਤੇ ਹੀ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ।
ਔਜਲਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਲਈ ਚਲਾਈਆਂ ਜਾਂਦੀਆਂ ਵੱਖ-ਵੱਕ ਸਕੀਮਾਂ ਦੀ ਜਾਣਕਾਰੀ ਜ਼ਿਆਦਾਤਰ ਕਿਸਾਨਾਂ ਤੱਕ ਨਹੀਂ ਪਹੁੰਚਦੀ, ਜਿਸ ਕਾਰਨ ਉਹ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਦੁੱਧ ਦੀ ਮਿਲਾਵਟਖੋਰੀ ਨੂੰ ਰੋਕਣ ਲਈ ਉਪਰਾਲੇ ਵੀ ਕੀਤੇ ਜਾਣਗੇ। ਸ੍ਰ ਔਜਲਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਿਸਾਨਾਂ ਦੀਆਂ ਬਿਜਲੀ, ਨਹਿਰੀ ਅਤੇ ਹੋਰ ਮੁਸ਼ਕਲਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੈਂਪ ਲਗਾ ਕੇ ਨੌਜਵਾਨਾਂ ਨੂੰ ਸੱਦਿਆ ਜਾਵੇਗਾ ਤਾਂ ਜੋ ਖੇਤੀਬਾੜੀ ਅਤੇ ਇਸਦੇ ਸਹਾਇਕ ਕਿੱਤਿਆਂ ਵਿਚ ਨੌਜਵਾਨ ਰੁਜ਼ਗਾਰ ਦੇ ਸਾਧਨ ਪੈਦਾ ਕਰ ਸਕਣ।
ਸ੍ਰ ਔਜਲਾ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਅੰਤਰ ਰਾਸ਼ਟਰੀ ਹਵਾਈ ਅੱਡਾ ਵੀ ਹੈ, ਕਿਸਾਨ ਆਪਣੀਆਂ ਸਬਜੀਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਸ੍ਰ ਔਜਲਾ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਡਾ ਜੋ ਯੂਥ ਵਿਦੇਸ਼ਾਂ ਨੂੰ ਜਾ ਰਿਹਾ ਹੈ, ਨੂੰ ਰੋਕਿਆ ਜਾਵੇ ਅਤੇ ਇਥੇ ਹੀ ਰੁਜਗਾਰ ਦੇ ਸਾਧਨ ਮੁਹਈਆ ਕਰਵਾਏ ਜਾਣ।
ਸ੍ਰ ਔਜਲਾ ਨੇ ਕਿਸਾਨਾਂ ਨੂੰ ਕਿਹਾ ਕਿ ਹੁਣ ਫਸਲੀ ਵਿਭਿੰਨਤਾ ਲਿਆ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੀ ਇਕ ਲੈਬ ਸਥਾਪਤ ਕੀਤੀ ਜਾਵੇਗੀ। ਜਿਥੇ ਕਿਸਾਨ ਆਪਣੀ ਬਾਸਮਤੀ ਅਤੇ ਸਬਜੀਆਂ ਦੀ ਜਾਂਚ ਕਰਵਾ ਕੇ ਵਿਦੇਸ਼ਾਂ ਨੂੰ ਭੇਜ ਸਕਣ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ ਵਾਪਸ ਨਹੀਂ ਆਉਣਗੀਆਂ। ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਫੂਡ ਪ੍ਰਾਸੈਸਿੰਗ ਦੇ ਉਦਯੋਗਪਤੀਆਂ ਦੀ ਲੋੜ ਅਨੁਸਾਰ ਸਬਜੀਆਂ ਬੀਜਣ ਤਾਂ ਜੋ ਉਨ੍ਹਾਂ ਨੂੰ ਮਾਰਕੀਟ ਵਿੱਚ ਵੇਚਣ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਫਜੂਲ ਖਰਚ ਘਟਾਉਣੇ ਚਾਹੀਦੇ ਹਨ ਤਾਂ ਹੀ ਉਹ ਵੱਧ ਲਾਭ ਕਮਾ ਸਕਦੇ ਹਨ।
ਸ੍ਰ ਔਜਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਯੌਜਨਾ ਅਧੀਨ ਜਿਲ੍ਹੇ ਦੇ 111687 ਲਾਭਪਾਤਰੀਆਂ ਵਿੱਚੋਂ 111672 ਨੂੰ 2000 ਰੁਪਏ ਦੀ ਪਹਿਲੀ ਕਿਸ਼ਤ, 110629 ਨੂੰ ਦੂਜੀ ਕਿਸ਼ਤ, 75972 ਨੂੰ ਤੀਜੀ ਕਿਸ਼ਤ ਅਤੇ 75636 ਨੂੰ ਚੌਥੀ ਕਿਸ਼ਤ ਵੀ ਪ੍ਰਾਪਤ ਹੋ ਚੁੱਕੀ ਹੈ। ਇਸ ਮੌਕੇ ਵੱਖ ਵੱਖ ਕਿਸਾਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਫੂਡ ਪ੍ਰਾਸੈਸਿੰਗ ਉਦਯੋਗਪਤੀਆਂ ਵੱਲੋਂ ਆਪਣੀਆਂ ਲੋੜਾਂ ਬਾਰੇ ਵੀ ਦੱਸਿਆ ਗਿਆ।।
ਇਸ ਮੌਕੇ ਸ੍ਰੀਮਤੀ ਪਲਵੀ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ, ਸ੍ਰ ਬਾਜ ਸਿੰਘ ਜਿਲ੍ਹਾ ਬਾਗਬਾਨੀ ਅਫਸਰ, ਸ੍ਰ ਨਰਿੰਦਰ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀਮਤੀ ਹਰਿੰਦਰ ਕੌਰ, ਸ੍ਰ ਗੁਰਵੇਲ ਸਿੰਘ, ਸ੍ਰ ਹਰਜੀਤ ਸਿੰਘ, ਸ੍ਰ ਅਮਰਜੀਤ ਸਿੰਘ ਗਰੇਵਾਲ, ਅਰਸ਼ਦੀਪ ਸਿੰਘ ਸਾਰੇ ਅਗਾਂਹਵਧੂ ਕਿਸਾਨ, ਸ੍ਰੀ ਅਸ਼ੋਕ ਸੇਠੀ, ਸ੍ਰੀ ਰਾਕੇਸ਼ ਕੁਮਾਰ ਉਦਯੌਗਪਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।