ਅਸ਼ੋਕ ਵਰਮਾ
- ਪੁਲਿਸ ਮੁਲਜ਼ਾਮ ਦੇ ਸੱਟਾਂ ਲੱਗੀਆਂ, ਜ਼ਖਮੀ ਮੁਲਾਜ਼ਮ ਦੇ ਬਿਆਨਾਂ 'ਤੇ ਕੇਸ ਦਰਜ
ਬਠਿੰਡਾ, 20 ਫਰਵਰੀ 2020 - ਅੱਜ ਬਠਿੰਡਾ ਦੇ ਹਾਜੀ ਰਤਨ ਚੌਕ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਕੁੱਟਮਾਰ ਕਰ ਦਿੱਤੀ ਗਈ ਜਦ ਸਿਵਲ ਹਸਪਤਾਲ ਮੂਹਰੇ ਇੱਕ ਧਰਨਾ ਲੱਗਾ ਹੋਣ ਕਾਰਨ ਟਰੈਫਿਕ ਜਾਮ ਕੀਤਾ ਹੋਇਆ ਸੀ। ਪੁਲਿਸ ਮੁਲਾਜ਼ਮ ਦਲਜੀਤ ਕੁਮਾਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਆਪਣੀ ਡਿਊਟੀ ਦੇ ਰਿਹਾ ਸੀ, ਜਦੋਂ ਇੱਕ ਲੜਕੇ ਤੋਂ ਉਸ ਵਿੱਚ ਮੋਟਰਸਾਈਕਲ ਆ ਵੱਜਾ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਮੋਟਰਸਾਈਕਲ ਵੱਜਣ ਕਾਰਨ ਪੁਲਿਸ ਮੁਲਾਜ਼ਮ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਉੱਠ ਕੇ ਲੜਕੇ ਦੇ ਥੱਪੜ ਜੜ ਦਿੱਤੇ। ਲੋਕਾਂ ਨੇ ਦੱਸਿਆ ਤੇ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਉਸ ਲੜਕੇ ਨਾਲ ਸੁਲ੍ਹਾ ਕਰ ਲਈ ਅਤੇ ਮਾਮਲਾ ਠੰਢਾ ਪੈ ਗਿਆ।
ਲੋਕਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਲੜਕੇ ਦੀ ਮਾਤਾ ਅਤੇ ਇੱਕ ਆਦਮੀ ਹੋਰ ਉਥੇ ਆ ਗਿਆ ਅਤੇ ਉਨ੍ਹਾਂ ਤਿੰਨਾਂ ਨੇ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕੀਤੀ ਜਿਸ ਵਿੱਚ ਪੁਲਿਸ ਮੁਲਾਜ਼ਮ ਦੇ ਸੱਟਾਂ ਲੱਗੀਆਂ ਅਤੇ ਵਰਦੀ ਵੀ ਫੱਟ ਗਈ। ਲੜਾਈ ਇੰਨੀ ਜ਼ਬਰਦਸਤ ਦੀ ਸੀ ਕਿ ਪੁਲਿਸ ਮੁਲਾਜ਼ਮ ਦੀ ਪੱਗ ਵੀ ਲਹਿ ਕੇ ਸੜਕ ਤੇ ਡਿੱਗ ਪਈ ਤਾਂ ਕੋਲ ਖੜ੍ਹੀ ਪੁਲਿਸ ਨੇ ਉਨ੍ਹਾਂ ਨੂੰ ਛੁਡਵਾ ਦਿੱਤਾ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋ ਗਿਆ ਅਤੇ ਲੜਕੇ ਦੇ ਵਾਰਸ ਉੱਥੋਂ ਚਲੇ ਗਏ।
ਲੜਕੇ ਦੀ ਮਾਤਾ ਨੇ ਦੱਸਿਆ ਤੇ ਉਨ੍ਹਾਂ ਦੇ ਪੁੱਤਰ ਦਾ ਕੋਈ ਕਸੂਰ ਨਹੀਂ ਜਦੋਂਕਿ ਉਸ ਦੀ ਕੁੱਟਮਾਰ ਪੁਲਿਸ ਮੁਲਾਜ਼ਮ ਨੇ ਕੀਤੀ ਸੀ ਉਨ੍ਹਾਂ ਇਨਸਾਫ਼ ਦੀ ਮੰਗ ਵੀ ਕੀਤੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਰਿਹਾ ਸੀ ਕਿ ਲੜਕੇ ਨੇ ਆਪਣੇ ਰਿਸ਼ਤੇਦਾਰ ਬੁਲਾ ਕੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਹੈ ਉਨ੍ਹਾਂ ਆਖਿਆ ਕਿ ਸਾਰਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਸਿਵਲ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਜ਼ਖ਼ਮੀ ਮੁਲਾਜ਼ਮ ਦਲਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਕਰਨਵੀਰ ਸਿੰਘ ਵਾਸੀ ਬਠਿੰਡਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਸੀ ਜਦੋਂ ਕਿ ਕਰਨਵੀਰ ਸਿੰਘ ਨੇ ਉਸਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ ਹਨ।