ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 21 ਫਰਵਰੀ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਨੂੰ ਖੁਲ੍ਹੇ 'ਚ ਸ਼ੋਚ ਮੁਕਤ ਕਰਨ ਅਤੇ ਹਰੇਕ ਲੋੜਵੰਦ ਦੇ ਘਰ ਪਖਾਣੇ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ 100 ਫ਼ੀਸਦੀ ਪਖਾਣੇ ਬਣਾਉਣ ਦਾ ਟੀਚਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਖੁੱਲ੍ਹੇ 'ਚ ਸ਼ੋਚ ਮੁਕਤ ਕਰਨ ਹਿੱਤ ਕੋਈ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਤਹਿਤ ਹੋ ਰਹੇ ਕੰਮ ਦਾ ਹਰ ਹਫ਼ਤੇ ਲੇਖਾ-ਜੋਖਾ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਪਿੰਡਾਂ 'ਚ ਖੁੱਲ੍ਹੇ 'ਚ ਸ਼ੋਚ ਮੁਕਤ ਕਰਨ ਹਿੱਤ ਪਖਾਣੇ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੰਮ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਆਪਣੇ ਪੱਧਰ 'ਤੇ ਪਿੰਡਾਂ 'ਚ ਪਖਾਣੇ ਬਣਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਪੰਚਾਇਤਾਂ, ਮੋਟੀਵੇਟਰ ਅਤੇ ਪੰਚਾਇਤ ਸਕੱਤਰ ਖੁਦ ਅੱਗੇ ਆ ਕੇ ਆਪਣੀ ਜਿੰਮੇਵਾਰੀ ਨੂ ੰਸਮਝ ਕੇ ਪਿੰਡਾਂ ਵਿੱਚ ਪਖਾਣੇ ਬਣਾਉਣ ਦੇ 100 ਫੀਸਦੀ ਟੀਚੇ ਨੂੰ ਮੁਕੰਮਲ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਖਾਨੇ ਬਣਾਉਣ ਲਈ ਕੰਮ ਦੀ ਵੰਡ ਅਨੁਸਾਰ ਹੀ ਰਾਸ਼ੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਜਾਂ ਕਰਮਚਾਰੀ ਪਖਾਣੇ ਬਣਾਉਣ ਦੇ ਟੀਚੇ ਨੂੰ ਮੁਕੰਮਲ ਕਰਨ ਵਿੱਚ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਨਵਲ ਰਾਮ, ਐਸ.ਡੀ.ਐਮ. ਫਾਜ਼ਿਲਕਾ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਚੰਦਰ ਅਗਰਵਾਲ, ਸੁਪਰਡੰਟ ਮਾਲ ਸੰਦੀਪ ਕੁਮਾਰ ਤੋਂ ਇਲਾਵਾ ਜਲ ਸਪਲਾਈ ਵਿਭਾਗ ਅਤੇ ਮਗਨਰੇਗਾ ਦਾ ਸਟਾਫ ਹਾਜ਼ਰ ਸੀ।