ਪਰਮਜੀਤ ਸਿੰਘ ਰੰਗਪੁਰੀ
ਜਲੰਧਰ, 21 ਫਰਵਰੀ 2020 - ਫਿਲੌਰ ਨੇੜਲੇ ਪਿੰਡ ਗੰਨਾ ਪਿੰਡ 'ਚ ਫਿਲੌਰ-ਤਲਵਣ ਰੋਡ 'ਤੇ ਭੋਲੇਵਾਲ ਵਾਲੇ ਮੋੜ ਲਾਗੇ ਇੱਕ ਹੇਅਰ ਸੈਲੂਨ 'ਤੇ ਕੰਮ ਕਰਨ ਵਾਲੇ ਨੌਜਵਾਨ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਮਪਾਲ (24) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਰਾਮਪਾਲ ਕੰਮ ਕਰ ਰਿਹਾ ਸੀ ਤਾਂ ਉਹ ਫ਼ੋਨ ਲੈ ਕੇ ਦੁਕਾਨ ਤੋਂ ਬਾਹਰ ਚਲਾ ਗਿਆ, ਮਾਲਕ ਅਤੇ ਇੱਕ ਹੋਰ ਲੜਕਾ ਦੁਕਾਨ ਦੇ ਅੰਦਰ ਕੰਮ ਕਰੇ ਸਨ, ਜਦੋਂ ਰਾਮਪਾਲ ਕਾਫੀ ਦੇਰ ਵਾਪਿਸ ਦੁਕਾਨ ਅੰਦਰ ਨਹੀਂ ਆਇਆ ਤਾਂ ਅੰਦਰ ਕੰਮ ਕਰਨ ਵਾਲਾ ਛੋਟਾ ਲੜਕਾ ਰਾਮਪਾਲ ਨੂੰ ਬੁਲਾਉਣ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਰਾਮਪਾਲ ਦੁਕਾਨ ਦੇ ਬਾਹਰ ਖ਼ੂਨ 'ਚ ਲੱਥਪੱਥ ਜ਼ਮੀਨ ਡਿੱਗਾ ਹੋਇਆ ਸੀ। ਉਸ ਨੇ ਦੌੜ ਕੇ ਅੰਦਰ ਜਾ ਕੇ ਮਾਲਕ ਨੂੰ ਦੱਸਿਆ ਅਤੇ ਉਨ੍ਹਾਂ ਨੇ ਤੁਰੰਤ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ।
ਜਿਕਰਯੋਗ ਹੈ ਕਿ ਦੇਰ ਸ਼ਾਮ ਦੇ ਸਮੇਂ ਬੱਦਲ ਕਾਫੀ ਗਰਜ ਰਹੇ ਸਨ ਜਿਸ ਦੇ ਕਾਰਨ ਦੁਕਾਨ ਦੇ ਅੰਦਰ ਮੌਜੂਦ ਲੋਕਾਂ ਨੂੰ ਗੋਲੀਆਂ ਦੀ ਆਵਾਜ਼ ਦਾ ਪਤਾ ਨਹੀਂ ਚੱਲ ਸਕਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਫਿਲੌਰ ਦਵਿੰਦਰ ਸਿੰਘ ਅੱਤਰੀ ਅਤੇ ਐੱਸ.ਐੱਚ.ਓ. ਗੁਰਾਇਆ ਕੇਵਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਹਨ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਫਿਲੌਰ ਲਿਆਂਦੀ ਗਈ। ਡੀਐਸਪੀ ਅੱਤਰੀ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਕਾਤਲਾਂ ਅਤੇ ਵਜ੍ਹਾ ਦਾ ਕੋਈ ਸੁਰਾਗ ਨਹੀਂ ਮਿਲਿਆ, ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਮਪਾਲ ਦਾ ਕਤਲ ਗੋਲੀਆਂ ਮਾਰ ਕੇ ਹੀ ਕੀਤਾ ਗਿਆ ਲੱਗਦਾ ਹੈ।