ਹਰੀਸ਼ ਕਾਲੜਾ
- ਸਸਟੇਨਏਬਲ ਫੂੱਡ ਵਿਸ਼ੇ ਤੇ ਅਧਾਰਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਵਿਚਾਰ ਵਟਾਂਦਰੇ ਉਪਰੰਤ ਜਮੀਨੀ ਹਕੀਕਤ ਤੋਂ ਹੋਏ ਜਾਣੂ
ਨੂਰਪੁਰ ਬੇਦੀ, 21 ਫਰਵਰੀ 2020 - ਪੰਜਾਬ ਸਰਕਾਰ ਵਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਨੰਗਲ ਅਬਿਆਣਾ ਦੇ ਅਗਾਂਹ ਵੱਧੂ ਕਿਸਾਨ ਪਰਮਜੀਤ ਸਿੰਘ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਬਾਗਬਾਨੀ ਨੂੰ ਪ੍ਰਫੂਲਤ ਕਰਨ ਦੀ ਦਿਸ਼ਾ ਵਿੱਚ ਜੋ ਉਪਰਾਲੇ ਕੀਤੇ ਹਨ ਉਹਨਾਂ ਦੀ ਧੂੰਮ ਹਰ ਪਾਸੇ ਗੂੰਜ ਰਹੀ ਹੈ। ਅੱਜ ਉਸਦੇ ਨੰਗਲ ਅਬਿਆਣਾ ਸਥਿਤ ਫਾਰਮ ਤੇ ਇਟਲੀ, ਥਾਈਲੈਡ, ਟਰਕੀ, ਵੀਅਤਨਾਮ ਤੇ ਸਵੀਡਨ ਦੇ 37 ਨੌਜਵਾਨ ਪੁੱਜੇ ਜਿਹਨਾਂ ਨੇ ਉਸਦੀ ਬਾਗਬਾਨੀ ਨੂੰ ਪ੍ਰਫੂਲਤ ਕਰਦੀ ਖੇਤੀਬਾੜੀ ਨੂੰ ਵੇਖਿਆ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।
ਜਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਐਡਵੋਕੇਟ ਅਮਰਵੀਰ ਸਿੰਘ ਸਲਾਰ ਦੀ ਅਗਵਾਈ ਵਿੱਚ ਇਟਲੀ ਤੋਂ 7, ਥਾਈਲੈਡ ਤੋਂ 7, ਟਰਕੀ ਤੋਂ 8, ਵੀਅਤਨਾਮ ਤੋਂ 8 ਤੇ ਸਵਿਡਨ ਤੋਂ 7 ਨੌਜਵਾਨ ਨੰਗਲ ਅਬਿਆਣਾ ਪੁੱਜੇ। ਅਵਾਜ਼ ਸੁਸਾਇਟੀ ਭਾਰਤ ਵਲੋਂ ਯੂਥ ਐਕਸਚੇਂਜ ਤੇ ਅਧਾਰਤ ਸਸਟੇਨਏਬਲ ਫੂੱਡ ਵਿਸੇ ਤੇ ਅਧਾਰਤ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਬੀ ਚੰਡੀਗੜ੍ਹ ਵਿਖੇ ਸਸਟਫੂੰਡ ਪ੍ਰੋਗਰਾਮ ਦਾ ਅਯੋਜਨ ਕੀਤਾ ਜਾ ਰਿਹਾ ਹੈ ਜੋ ਕਿ 17 ਤੋਂ 22 ਫਰਵਰੀ ਤੱਕ ਚੱਲ ਰਿਹਾ ਹੈ। ਇਸ ਵਿਸ਼ੇ ਤਹਿਤ ਵਿਸ਼ਵ ਭਰ ਵਿੱਚ ਸਸਟੇਨਏਬਲ ਫੂੱਡ ਤੇ ਵਿਚਾਰ ਵਟਾਂਦਰੇ ਦਾ ਅਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਇਸ ਵਿਸ਼ੇ ਤਹਿਤ ਖੇਤੀਬਾੜੀ ਨੂੰ ਹੋਰ ਵੱਧ ਮੁਨਾਫੇ ਦਾ ਧੰਦਾ ਬਣਾਉਣ, ਇਕ ਏਕੜ ਵਿਚੋਂ ਵੱਧ ਤੋਂ ਵੱਧ ਪੈਦਾਵਾਰ ਪ੍ਰਾਪਤ ਕਰਨ ਅਤੇ ਖੇਤੀ ਖਰਚਿਆ ਉੱਤੇ ਕਿਫਾਇਤ ਕਰਨ 'ਤੇ ਚਰਚਾ ਕੀਤੀ ਜਾ ਰਹੀ ਹੈ। ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਬਚਾਉਣ ਦੇ ਨਾਲ ਨਾਲ ਭਵਿੱਖ ਵਿੱਚ ਖਾਦ ਪਦਾਰਥਾਂ ਨੂੰ ਵੀ ਆਉਣ ਵਾਲੀਆਂ ਪੀੜੀਆਂ ਲਈ ਬਚਾਅ ਕੇ ਰੱਖਣ ਲਈ ਕੀਤੇ ਜਾ ਯਤਨਾਂ ਦੀ ਕੜੀ ਵਿੱਚ ਅਜਿਹੇ ਪ੍ਰੋਗਰਾਮ ਅਯੋਜਿਤ ਕੀਤੇ ਜਾ ਰਹੇ ਹਨ। ਜਿਥੇ ਵਿਦੇਸ਼ ਤੋਂ ਆਏ ਇਹ ਨੌਜਵਾਨ ਲੜਕੇ - ਲੜਕੀਆਂ ਇਸ ਵਿਸੇ ਤੇ ਵਿਚਾਰ ਵਟਾਂਦਰਾ ਅਤੇ ਚਰਚਾ ਕਰ ਰਹੇ ਹਨ ਉਥੇ ਉਹਨਾਂ ਵਲੋਂ ਰੂਪਨਗਰ ਜਿਲੇ ਦੇ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਅਗਾਂਹ ਵੱਧੂ ਕਿਸਾਨ ਪਰਮਜੀਤ ਸਿੰਘ ਦੇ ਫਾਰਮ ਵਿੱਚ ਨਿੱਜੀਤੋਰ ਤੇ ਪਹੁੰਚ ਕਰਕੇ ਭਰਪੂਰ ਜਾਣਕਾਰੀ ਹਾਸਲ ਕੀਤੀ ਗਈ । ਇਸ ਵਿੱਚ ਜਿਥੇ ਉਹਨਾਂ ਨੇ ਪਰਮਜੀਤ ਸਿੰਘ ਤੋਂ ਜਾਣਕਾਰੀ ਹਾਸਲ ਕੀਤੀ ਹੈ ਉਥੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਫਸਲਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ।
ਐਡਵੋਕੇਟ ਅਮਰਵੀਰ ਸਿੰਘ ਸਲਾਰ ਨੇ ਦੱਸਿਆ ਕਿ ਉਹਨਾਂ ਅਵਾਜ ਸੁਸਾਇਟੀ ਵਿਦੇਸ਼ਾ ਵਿੱਚ ਵੀ ਆਪਣੀ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਥੇ ਨੌਜਵਾਨ ਪੀੜੀ ਨੂੰ ਮੋਜੂਦਾ ਸਮੇਂ ਦੀਆਂ ਚਣੋਤੀਆਂ ਨਾਲ ਨਜਿੱਠਣ ਲਈ ਆਪਸੀ ਵਿਚਾਰ ਵਟਾਂਦਰਾ ਕਰਨ ਦੀ ਪ੍ਰੇਰਣਾ ਦੇਣ ਦਾ ਕੰਮ ਕਰ ਰਹੀ ਹੈ। ਸਸਟੇਨਏਬਲ ਫੂੱਡ ਬਾਰੇ ਦੇਸ਼ ਵਿਦੇਸ਼ ਦੇ ਨੋਜਵਾਨਾਂ ਵਿੱਚ ਆਪਸੀ ਵਿਚਾਰ ਵਟਾਂਦਰਾ ਹੋਣਾ ਬੇਹੱਦ ਜਰੂਰੀ ਹੈ ਇਸਨੂੰ ਪ੍ਰੈਕਟੀਕਲ ਤੋਰ ਤੇ ਜਮੀਨੀ ਹਕੀਕਤ ਤੱਕ ਪਹੁੰਚਾਉਣ ਦੇ ਮੰਤਵ ਨਾਲ ਇਹਨਾਂ ਵਿਦੇਸ਼ੀ ਨੋਜਵਾਨਾਂ ਨੂੰ ਅੱਜ ਇਸ ਫਾਰਮ ਤੇ ਲਿਆ ਕੇ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ ਹੈ ਤਾਂ ਜੋ ਉਹਨਾਂ ਹਕੀਕੀ ਪੱਧਰ ਨਿੱਜੀਤੋਰ ਤੇ ਇਹ ਜਣਾਕਾਰੀ ਮਿਲ ਸਕੇ।
ਟਰਕੀ ਤੋਂ ਆਏ ਮਹਿਮਤ ਨੇ ਦੱਸਿਆ ਕਿ ਉਹਨਾਂ ਨੂੰ ਰਿਫਾਇਤੀ ਫਸਲੀ ਚੱਕਰ ਛੱਡ ਕੇ ਚਹੂੰਗੁਣਾ ਮੁਨਾਫਾ ਕਮਾਉਣ ਬਾਰੇ ਮਿਲੀ ਜਾਣਕਾਰੀ ਨੇ ਕਾਫੀ ਪ੍ਰਭਾਵਿੱਤ ਕੀਤਾ ਹੈ। ਇਟਲੀ ਤੋਂ ਇਥੇ ਪੁੱਜੀ ਲੜਕੀ ਕਿੰਗਾ ਨੇ ਦੱਸਿਆ ਕਿ ਉਹਨਾਂ ਵਾਤਾਵਰਣ ਨਾਲ ਬੇਹੱਦ ਪਿਆਰ ਹੈ ਅਤੇ ਉਹ ਪੰਜਾਬ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੇਹੱਦ ਪ੍ਰਭਾਵਿੱਤ ਹਨ। ਵੀਅਤਨਾਮ ਤੋਂ ਆਈ ਲੜਕੀ ਕਿਮ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਖੇਤੀਬਾੜੀ ਨਾਲ ਸਬੰਧਤ ਐਨ ਜੀ ਓ ਚਲਾਉਦੇ ਹਨ ਅਤੇ ਉਹਨਾਂ ਨੂੰ ਸਾਡੇ ਸੂਬੇ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ ਹੈ। ਇਥੇ ਪੁੱਜੇ ਸਾਰੇ ਨੌਜਵਾਨ 18 ਤੋਂ 25 ਸਾਲ ਦੇ ਹਨ ਅਤੇ ਉਹ ਖੇੜੀਬਾੜੀ ਅਤੇ ਬਾਗਬਾਨੀ ਦੇ ਨਵੇਂ ਨਵੇਂ ਢੰਗ ਤਰੀਕਿਆ ਤੋਂ ਬੇਹੱਦ ਪ੍ਰਭਾਵਿੱਤ ਹਨ।