ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਫਰਵਰੀ 2020 - ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਅਤੇ ਸ਼ਿਵਰਾਤਰੀ ਦੇ ਸਬੰਧ ਵਿੱਚ ਲੇਖਕ ਸਭਾ ਬਟਾਲਾ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੌਰਾਨ ਲੇਖਕ ਸਭਾ ਵੱਲੋਂ ਵੱਖ-ਵੱਖ ਲੇਖਕਾਂ ਦੀਆਂ ਪੰਜਾਬੀ ਭਾਸ਼ਾ 'ਚ ਲਿਖੀਆਂ ਪੁਸਤਕਾਂ ਮੁਫ਼ਤ ਵੰਡ ਦੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕੀਤਾ ਗਿਆ। ਉੱਥੇ ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਦੇ ਨਾਲ ਨਾਲ ਆਮ ਲੋਕਾਂ ਵੱਲੋਂ ਵੀ ਇਸ ਵਿਲੱਖਣ ਕਿਸਮ ਦੇ ਲੰਗਰ ਨੂੰ ਭਾਰੀ ਹੁੰਗਾਰਾ ਦਿੱਤਾ ਗਿਆ।
ਸਥਾਨਕ ਸਮਾਧ ਰੋਡ ਵਿਖੇ ਲਾਏ ਗਏ ਇਸ ਲੰਗਰ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲੇਖਕ ਡਾ. ਦੀਦਾਰ ਸਿੰਘ ਨੇ ਕਿਹਾ ਕਿ ਅੱਖਰ ਨਾਲ ਜੁੜਿਆ ਬੰਦਾ ਸਿਆਣਾ ਹੁੰਦਾ ਹੈ। ਕਿਉਂ ਕਿ ਜੋ ਕੁੱਝ ਕਿਸੇ ਦੇ ਦਿਮਾਗ਼ ਵਿੱਚ ਹੁੰਦਾ ਹੈ ਬੰਦਾ ਉਹੀ ਅੱਗੇ ਵੰਡਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਆਮ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਇਸੇ ਕਾਰਨ ਉਹ ਨਸ਼ੇ ਸਮੇਤ ਹੋਰ ਬੁਰਾਈਆਂ ਅਪਣਾਉਣ ਤੋਂ ਪਹਿਲਾਂ ਆਤਮ ਚਿੰਤਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਲੇਖਕ ਸਭਾ ਬਟਾਲਾ ਵੱਲੋਂ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਅਤੇ ਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਕਿਤਾਬਾਂ ਦਾ ਲੰਗਰ ਲਾਉਣ ਦਾ ਫ਼ੈਸਲਾ ਕੀਤਾ।
ਡਾ. ਦੀਦਾਰ ਨੇ ਦੱਸਿਆ ਕਿ ਅੱਜ ਦੇ ਲੰਗਰ ਦੌਰਾਨ ਡੇਢ ਲੱਖ ਦੇ ਕਰੀਬ ਕਿਤਾਬਾਂ ਵੰਡੀਆਂ ਗਈਆਂ ਹਨ। ਜੋ ਵੱਖ-ਵੱਖ ਲੇਖਕਾਂ ਵੱਲੋਂ ਵੱਖ-ਵੱਖ ਸਮਿਆਂ ਤੇ ਪੰਜਾਬੀ ਭਾਸ਼ਾ 'ਚ ਲਿਖੀਆਂ ਗਈਆਂ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇੱਕ ਵਿਅਕਤੀ ਨੂੰ ਇੱਕ ਕਿਤਾਬ ਦਿੱਤੀ ਜਾ ਰਹੀ ਸੀ ਪਰ ਆਮ ਲੋਕਾਂ ਅਤੇ ਵਿਦਿਆਰਥੀਆਂ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਹੋਇਆਂ ਪ੍ਰਤੀ ਵਿਅਕਤੀ ਕਿਤਾਬਾਂ ਦੀ ਗਿਣਤੀ ਦੋ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਮ ਲੋਕ ਮਾਂ ਬੋਲੀ ਪੰਜਾਬੀ ਅਤੇ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ। ਪਿਛਲੇ ਸਾਲ ਵੀ ਅਜਿਹਾ ਹੀ ਲੰਗਰ ਲਗਾਇਆ ਗਿਆ ਸੀ ਅਤੇ ਅੱਗੋਂ ਵੀ ਅਜਿਹੇ ਉਪਰਾਲੇ ਅਮਲ ਵਿੱਚ ਲਿਆਂਦੇ ਜਾਣਗੇ।
ਲੰਗਰ 'ਚ ਕਿਤਾਬਾਂ ਵੰਡ ਰਹੇ ਲੇਖਕ ਡਾ.ਅਨੂਪ ਸਿੰਘ ਨੇ ਕਿਹਾ ਕਿ ਜੇਕਰ ਵਿਅਕਤੀ ਅੰਦਰ ਗਿਆਨ ਹੋਵੇ ਤਾਂ ਉਸ ਨੂੰ ਰੋਟੀ ਦੀ ਕਮੀ ਨਹੀਂ ਹੁੰਦੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਸਮੇਂ ਸਮੇਂ ਤੇ ਅਨੇਕਾਂ ਲੰਗਰ ਲਗਾ ਕੇ ਭੁੱਖੇ ਇਨਸਾਨਾਂ ਦਾ ਢਿੱਡ ਭਰਿਆ ਜਾਂਦਾ ਹੈ ਜੋ ਕਿ ਬਹੁਤ ਵਧੀਆ ਗੱਲ ਹੈ। ਪਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਕਿਤਾਬਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਜਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹਾ ਲੰਗਰ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਕਿਤਾਬਾਂ, ਸ਼ਬਦਾਂ, ਕਿਰਤ ਅਤੇ ਖ਼ਾਸਕਰ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਇੱਕ ਬੋਤਲ ਸ਼ਰਾਬ ਦੀ ਖ਼ਰੀਦਣ ਦੀ ਬਜਾਏ ਇੱਕ ਕਿਤਾਬ ਖ਼ਰੀਦਣ ਵੱਲ ਕਦਮ ਵਧਾਉਣ।
ਉੱਥੇ ਹੀ ਦੂਜੇ ਪਾਸੇ ਇਸ ਲੰਗਰ ਵਿੱਚ ਕਿਤਾਬਾਂ ਲੈ ਰਹੇ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਲੇਖਕ ਸਭਾ ਦਾ ਧੰਨਵਾਦ ਕਰਦਿਆਂ ਕਿਹਾ। ਕਿ ਕਿਤਾਬਾਂ ਗਿਆਨ ਪ੍ਰਦਾਨ ਕਰਦੀਆਂ ਹਨ ਅਤੇ ਉਹ ਗਿਆਨ ਇਨਸਾਨ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਵਿੱਚ ਸਹਾਇਤਾ ਕਰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਕਿਤਾਬਾਂ ਤਾਂ ਪੜ੍ਹਨਾ ਚਾਹੁੰਦੇ ਹਨ ਪਰ ਪੈਸੇ ਦੀ ਕਮੀ ਕਾਰਨ ਕਿਤਾਬਾਂ ਖ਼ਰੀਦ ਕੇ ਪੜ੍ਹਨ ਵਿੱਚ ਅਸਮਰਥਤਾ ਕਾਰਨ ਕਿਤਾਬੀ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਵਿੱਦਿਆ ਨੇ ਲੇਖਕ ਸਭਾ ਦਾ ਧੰਨਵਾਦ ਕਰਦਿਆਂ ਬਾਕੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਤਾਬਾਂ ਅਤੇ ਪੰਜਾਬੀ ਅੱਖਰਾਂ ਨਾਲ ਜੁੜਨ।