- 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਗਰੈਫ਼ਿਟੀ ਅਤੇ ਟੇਬਲ ਕੈਲੰਡਰ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਦਾ ਅਗਾਂਹਵਧੂ ਉਪਰਾਲਾ
ਸੰਗਰੂਰ, 21 ਫਰਵਰੀ 2020 - ਜ਼ਿਲ੍ਹਾ ਸੰਗਰੂਰ ਵਿੱਚ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਸੰਗਰੂਰ ਦੀਆਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ 12 ਧੀਆਂ ਦੇ ਨਾਮ 'ਤੇ ਲਿੰਕ ਸੜਕਾਂ ਦੇ ਨਾਮ ਰੱਖਣ ਦੀ ਮੁਹਿੰਮ ਦੀ ਨਿਵੇਕਲੀ ਸ਼ੁਰੂਆਤ ਕੀਤੀ ਹੈ। ਪ੍ਰਸ਼ਾਸਨਿਕ ਪੱਧਰ 'ਤੇ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਣਹਾਰ ਬੱਚੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਵਿਸ਼ੇਸ਼ ਗਰੈਫਿਟੀ ਅਤੇ ਟੇਬਲ ਕੈਲੰਡਰ ਵੀ ਤਿਆਰ ਕਰਵਾਇਆ ਗਿਆ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ਅਤੇ ਲੜਕੀਆਂ ਦੇ ਨਾਮ 'ਤੇ ਸੜਕਾਂ ਦਾ ਨਾਮਕਰਨ ਹੋਣ ਨਾਲ ਲੜਕੀਆਂ ਨੂੰ ਹਰ ਖੇਤਰ ਵਿੱਚ ਮੋਹਰੀ ਬਣਨ ਦੀ ਵੱਡੀ ਪ੍ਰੇਰਨਾ ਹਾਸਲ ਹੋਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਨਾਲ ਲੜਕੀਆਂ ਮੁਕਾਬਲੇ ਦੇ ਅਜੋਕੇ ਦੌਰ ਵਿੱਚ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਨਵੀਂਆਂ ਮਿਸਾਲਾਂ ਕਾਇਮ ਕਰ ਸਕਣ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਇੱਕ ਅਜਿਹੀ ਮੁਹਿੰਮ ਹੈ ਜਿਸ ਦੇ ਰਾਹੀਂ ਧੀਆਂ ਨੂੰ ਸਮਾਜਿਕ ਬਰਾਬਰੀ ਅਤੇ ਵੱਖ-ਵੱਖ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਪ੍ਰਸ਼ਾਸਨਿਕ ਪੱਧਰ 'ਤੇ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਹਰੇਕ ਨਾਗਰਿਕ ਦਾ ਵੀ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਲੜਕੀਆਂ ਨੂੰ ਬਣਦਾ ਮਾਣ ਤੇ ਸਤਿਕਾਰ ਦੇਣਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਢਲੇ ਪੜਾਅ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 12 ਲੜਕੀਆਂ ਦੇ ਨਾਮ 'ਤੇ ਸੜਕਾਂ ਦਾ ਨਾਮਕਰਨ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੀ ਵਿਦਿਆਰਥਣ ਲਵਪ੍ਰੀਤ ਕੌਰ , ਜਿਸ ਨੇ ਪਿਛਲੇ ਸੈਸ਼ਨ ਵਿੱਚ ਬਾਰਵੀਂ ਵਿੱਚੋਂ 99.55 ਫੀਸਦੀ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਚਹਿਲਾਂ ਦੀ ਵਿਦਿਆਰਥਣ ਰਮਨ ਕੌਰ, ਜਿਸਨੇ ਦਸਵੀਂ ਜਮਾਤ ਵਿੱਚੋਂ 98.30 ਪ੍ਰਤੀਸ਼ਤ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਰਾਂ ਦੀ ਵਿਦਿਆਰਥਣ ਮਨਦੀਪ ਕੌਰ ਜਿਸ ਨੇ ਦਸਵੀਂ ਜਮਾਤ ਵਿੱਚੋਂ 98.30 ਪ੍ਰਤੀਸ਼ਤ ਅੰਕ, ਸਰਕਾਰੀ ਹਾਈ ਸਕੂਲ ਢੰਡਿਆਲ ਦੀ ਵਿਦਿਆਰਥਣ ਸਿਮਰਨ ਕੌਰ, ਜਿਸ ਨੇ ਦਸਵੀਂ ਵਿੱਚੋਂ 98 ਪ੍ਰਤੀਸ਼ਤ ਅੰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੀ ਵਿਦਿਆਰਥਣ ਗਗਨਦੀਪ ਕੌਰ ਜਿਸ ਨੇ ਬਾਰਵੀਂ ਵਿੱਚੋਂ 97.11 ਪ੍ਰਤੀਸ਼ਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੰਗਰੂਰ ਦੀ ਵਿਦਿਆਰਥਣ ਦ੍ਰਿਸ਼ਟੀ, ਜਿਸ ਨੇ ਬਾਰਵੀਂ ਜਮਾਤ ਵਿੱਚੋਂ 95.33 ਪ੍ਰਤੀਸ਼ਤ ਅੰਕ ਹਾਸਲ ਕੀਤੇ ਸਨ, ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੰਗਰੂਰ ਦੀ ਵਿਦਿਆਰਥਣ ਲਵਦੀਪ ਕੌਰ, ਜਿਸ ਨੇ ਹਾਕੀ ਵਿੱਚ ਰਾਜ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣਾਂ ਸੋਮਾ ਕੌਰ ਅਤੇ ਅਸ਼ਪ੍ਰੀਤ ਕੌਰ, ਜਿਨ੍ਹਾਂ ਨੇ ਬੇਸਬਾਲ ਵਿੱਚੋਂ ਰਾਜ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਦੀ ਵਿਦਿਆਰਥਣ ਗਗਨਦੀਪ ਕੌਰ ਜਿਸ ਨੇ ਮੁੱਕੇਬਾਜ਼ੀ ਅੰਡਰ 17 ਵਿੱਚ ਰਾਜ ਪੱਧਰ 'ਤੇ ਤੀਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣ ਅਰਸ਼ਦੀਪ ਕੌਰ, ਜਿਸ ਨੇ ਮੁੱਕੇਬਾਜ਼ੀ ਵਿੱਚੋਂ ਰਾਜ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧੂਰੀ ਦੀ ਵਿਦਿਆਰਥਣ ਮਨਜਿੰਦਰ ਕੌਰ, ਜਿਸ ਨੇ ਯੋਗਾ ਵਿੱਚੋਂ ਰਾਜ ਪੱਧਰ 'ਤੇ ਤੀਜਾ ਸਥਾਨ ਹਾਸਲ ਕੀਤਾ ਹੈ, ਦੇ ਨਾਮ 'ਤੇ ਸੜਕਾਂ ਦਾ ਨਾਮਕਰਨ ਹੋ ਰਿਹਾ ਹੈ।