ਅਸ਼ੋਕ ਵਰਮਾ
ਬਠਿੰਡਾ, 21 ਫਰਵਰੀ 2020 - ਬਠਿੰਡਾ ’ਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਨੇ ਜਿਲਾ ਪ੍ਰਸ਼ਾਸ਼ਨ ਦੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਕਟਹਿਰੇ ’ਚ ਖੜਾ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋ ਜਾਰੀ ਚਿਤਾਵਨੀ ਦੇ ਬਾਵਜੂਦ ਕੋਈ ਇੰਤਜਾਮ ਨਾ ਕਰਨੇ ਸ਼ਹਿਰ ਵਾਸੀਆਂ ਨੂੰ ਮਹਿੰਗੇ ਪਏ ਹਨ। ਉਪਰੋਂ ਗੜੇਮਾਰੀ ਨੇ ਇੱਕ ਵਾਰ ਫਿਰ ਤੋਂ ਮੌਸਮ ਠੰਢਾ ਕਰ ਦਿੱਤਾ ਹੈ। ਬਠਿੰਡਾ ’ਚ ਅੱਜ 10 ਐਮ ਐਮ ਬਾਰਸ਼ ਰਿਕਾਰਡ ਕੀਤੀ ਗਈ ਹੈ। ਜਦੋਂ ਕਿ ਸਮੁੱਚਾ ਅੰਕੜਾ 116.8 ਐੱਮ ਐੱਮ ਰਿਹਾ। ਪ੍ਰਸ਼ਾਸ਼ਨ ਨੇ ਦਾਅਵਾ ਕੀਤਾ ਸੀ ਕਿ ਸ਼ਹਿਰ ’ਚ ਪਾਣੀ ਰੋਕੂ ਪ੍ਰਬੰਧ ਮੁਕੰਮਲ ਹਨ। ਅੱਜ ਪਈ ਬਰਸਾਤ ਨੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਫੱਟੀ ਪੋਚ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਲਾਈਨੋਪਾਰ ਇਲਾਕੇ ਦੀਆਂ ਸੜਕਾਂ ਪਾਣੀ ਕਾਰਨ ਜਾਮ ਹੋ ਗਈਆਂ ਜਿੰਨਾਂ ’ਚ ਮੁੱਖ ਸੜਕ ਵੀ ਸ਼ਾਮਲ ਹੈ।
ਸਿਰਕੀ ਬਜ਼ਾਰ ਵਿੱਚ ਤਾਂ ਅੱਜ ਏਨਾ ਜ਼ਿਆਦਾ ਪਾਣੀ ਸੀ ਜਿਸ ਕਰਕੇ ਬਜ਼ਾਰ ਬੰਦ ਦੀ ਤਰਾਂ ਲੱਗ ਰਿਹਾ ਸੀ। ਕਈ ਦੁਕਾਨਦਾਰਾਂ ਨੂੰ ਤਾਂ ਦੁਕਾਨਾਂ ਖੋਲ੍ਹਣ ਲਈ ਪਾਣੀ ਦੌਰਾਨ ਮੋਰਚਾ ਸੰਭਾਲਣਾ ਪਿਆ। ਬਾਰਿਸ਼ ਅੱਜ ਸਵੇਰ ਵਕਤ ਕਰੀਬ 4 ਵਜੇ ਸ਼ੁਰੂ ਹੋਈ ਜਿਸ ਨੇ ਦੇਖਦਿਆਂ ਹੀ ਦੇਖਦਿਆਂ ਤੇਜੀ ਫੜ ਲਈ। ਇੱਥੇ ਅੱਜ ਹੋਈ ਬਾਰਸ਼ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਜਨਜੀਵਨ ਠੱਪ ਹੋਕੇ ਰਹਿ ਗਿਆ ਹੈ। ਨਗਰ ਨਿਗਮ ਨੇ ਕੁਝ ਮਹੀਨੇ ਪਹਿਲਾਂ ਸਮੱਸਿਆ ਹੱਲ ਦਾ ਦਾਅਵਾ ਕੀਤਾ ਸੀ ਜੋ ਗਲਤ ਸਾਬਤ ਹੋਇਆ ਹੈ। ਸ਼ਹਿਰ ਦੀਆਂ ਹੋਰ ਵੀ ਕਈ ਥਾਵਾਂ ਹਨ ਜਿੱਥੇ ਇਲਾਕਾ ਛੱਪੜ ਵਰਗਾ ਨਜ਼ਾਰਾ ਪੇਸ਼ ਕਰਨ ਲੱਗਿਅ। ਨਗਰ ਨਿਗਮ ਨੇ ਪਾਣੀ ਨਿਕਾਸੀ ਲਈ ਮੋਟਰਾਂ ਚਲਾਈਆਂ ਪ੍ਰੰਤੂ ਕਾਰਗਰ ਨਾਂ ਸਿੱਧ ਹੋ ਸਕੀਆਂ ਲੋਕਾਂ ਦਾ ਕਹਿਣਾ ਸੀ ਕਿ ਹਰ ਵਾਰ ਦੀ ਬਾਰਸ਼ ਨਾਲ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ ਪਰ ਅਧਿਕਾਰੀ ਕੋਈ ਕਾਰਵਾਈ ਕਰਨ ਦੀ ਬਜਾਏ ਗੱਲਾਂ ਤੇ ਜੋਰ ਦਿੰਦੇ ਰਹਿੰਦੇੇ ਹਨ।
ਸੂਲੀ ਟੰਗਿਆ ਲਾਈਨੋਪਾਰ ਇਲਾਕਾ....
ਲਾਈਨੋਪਾਰ ਇਲਾਕੇ ’ਚ ਪੈਂਦੇ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਆਦਿ ’ਚ ਬਾਰਸ਼ ਨੇ ਲੋਕ ਸੂਲੀ ਟੰਗ ਦਿੱਤੇ । ਇਸ ਇਲਾਕੇ ਦੇ ਜਨਤਕ ਆਗੂ ਸੰਜੀਵ ਕੁਮਾਰ ਸੋਨੀ ਦਾ ਕਹਿਣਾ ਸੀ ਕਿ ਪਾਣੀ ਕਾਰਨ ਕਈ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ। ਉਨਾਂ ਆਖਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਨਾਂ ਨੇ ਧਰਨਾ ਲਾਇਆ ਸੀ ਤਾਂ ਉਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਭਵਿੱਖ ’ਚ ਸਮੱਸਿਆ ਨਹੀਂ ਆਵੇਗੀ ਪਰ ਲੀਡਰਾਂ ਦੇ ਵਾਅਦੇ ਹਵਾਈ ਕਿਲੇ ਸਾਬਤ ਹੋਏ ਹਨ।
ਨਗਰ ਨਿਗਮ ਤੇ ਭੁਗੋਲਿਕ ਸਥਿਤੀ ਜਿੰਮੇਵਾਰ....
ਤਕਨੀਕੀ ਮਾਹਿਰਾਂ ਨੇ ਬਾਰਸ਼ ਦੇ ਪਾਣੀ ਲਈ ਨਗਰ ਨਿਗਮ ਦੇ ਨਾਲ ਨਾਲ ਸ਼ਹਿਰ ਦੀ ਭੁਗੋਲਿਕ ਸਥਿਤੀ ਨੂੰ ਜਿੰਮੇਵਾਰ ਦੱਸਿਆ ਹੈ ਜੋ ਕਿ ਪਿਆਲੇ ਦੀ ਤਰ੍ਹਾਂ ਹੈ। ਉਨਾਂ ਦੱਸਿਆ ਕਿ ਸ਼ਹਿਰ ਦੇ ਕਈ ਇਲਾਕੇ ਬੇਹੱਦ ਉਚਾਈ ਤੇ ਹਨ ਜਦੋਂ ਕਿ ਕਈ ਹੱਦੋਂ ਵੱਧ ਨੀਵੇਂ ਜਿਸ ਕਾਰਨ ਨਿਵਾਣਾਂ ਵੱਲ ਪਾਣੀ ਆਕੇ ਜਮਾਂ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਸਿਰਕੀ ਬਜਾਰ ਦੀ ਇਹੋ ਕਹਾਣੀ ਹੈ ਜਿੱਥੇ ਅੱਧੀ ਦਰਜਨ ਬਸਤੀਆਂ ਦਾ ਪਾਣੀ ਜਮਾਂ ਹੁੰਦਾ ਹੈ। ਉਨਾਂ ਦੱਸਿਆ ਕਿ ਸੀਵਰੇਜ਼ ਦੀ ਪਾਈਪ ਦੇ ਨਾਲ ਬਾਰਸ਼ ਦੇ ਪਾਣੀ ਦੀ ਵੱਖਰੀ ਪਾਈਪ ਨੂੰ ਡਿਸਪੋਜ਼ਲ ਨਾਲ ਜੋੜ ਦਿੱਤਾ ਜਾਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਜਿਆਦਾ ਮੀਂਹ ਕਰਕੇ ਸਮੱਸਿਆ : ਐਕਸੀਅਨ....
ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਸਲੈਜ ਕੈਰੀਅਰ ਦੀ ਸਮਰੱਥਾ ਘੱਟ ਹੋਣ ਕਰਕੇ ਨਿਕਾਸੀ ਲਈ ਸਾਰੀਆਂ ਮੋਟਰਾਂ ਨਹੀਂ ਚਲਾਈਆਂ ਜਾ ਸਕਦੀਆਂ ਹਨ। ਉਨਾਂ ਆਖਿਆ ਕਿ ਸਲੈਜ ਕੈਰੀਅਰ ਦੇ ਨਾਲ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸ ਤੋਂ ਬਾਅਦ ਪਾਣੀ ਕੱਢਣ ਦਾ ਸਮਾਂ ਘਟ ਜਾਏਗਾ। ਉਨਾਂ ਆਖਿਆ ਕਿ ਸ਼ਹਿਰ ਦੀ ਭੁਗੋਲਿਕ ਸਥਿਤੀ ਅਜਿਹੀ ਹੈ ਕਿ ਸਾਰਾ ਪਾਣੀ ਮੋਟਰਾਂ ਨਾਲ ਕੱਢਣਾ ਪੈਂਦਾ ਹੈ। ਉਨਾਂ ਦੱਸਿਆ ਕਿ ਪਾਣੀ ਕੱਢ ਦਿੱਤਾ ਗਿਆ ਹੈ ਜੇ ਹੋਰ ਮੀਂਹ ਨਾ ਪਿਆ ਤਾਂ ਸਥਿਤੀ ਜਲਦੀ ਹੀ ਅਮਾ ਵਾਂਗ ਹੋਣ ਦੀ ਸੰਭਾਵਨਾ ਹੈ।
ਸਰਕਾਰ ਦੇ ਏਜੰਡੇ ਤੇ ਨਹੀਂ ਲੋਕ....
ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਕੋਈ ਵੀ ਸਿਆਸੀ ਧਿਰ ਨਿਕਾਸੀ ਦੇ ਮਸਲੇ ਪ੍ਰਤੀ ਸੰਜੀਦਾ ਨਹੀਂ ਹੈ। ਉਨਾਂ ਕਿਹਾ ਕਿ ਦੋਵਾਂ ਧਿਰਾਂ ਨੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਲੈ ਲਈਆਂ ਪਰ ਮਸਲੇ ਜਿਓਂ ਦੇ ਤਿਓਂ ਹਨ। ਸ੍ਰੀ ਕੁਸਲਾ ਨੇ ਕਿਹਾ ਕਿ ਸਿਰਕੀ ਬਜ਼ਾਰ ਅਤੇ ਪਰਸ ਰਾਮ ਨਗਰ ਨੂੰ ਤਾਂ ਹਰ ਵਾਰ ਪਾਣੀ ਦਾ ਸੰਤਾਪ ਹੰਢਾਉਣਾ ਪੈਂਣਾ ਹੈ ਜੋਕਿ ਕਦੇ ਵੀ ਕਿਸੇ ਨਾਤਾ ਨੂੰ ਦਿਖਾਈ ਨਹੀਂ ਦਿੰਦਾ ਹੈ।
ਬਿਨਾਂ ਯੋਜਨਾ ਵਾਲੇ ਪ੍ਰਜੈਕਟ ਮੁਸ਼ਕਲਾਂ ਦੀ ਜੜ...
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਿ੍ਰਤ ਅਗਰਵਾਲ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਲਾਗੂ ਕੀਤੇ ਜਾ ਰਹੇ ਪ੍ਰਜੈਕਟ ਲੋਕਾਂ ਲਈ ਤਕਲੀਫਦੇਹ ਹੀ ਸਾਬਤ ਹੋਏ ਹਨ। ਉਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਹੁਕਰੋੜੀ ਪ੍ਰਜੈਕਟ ਤੇ ਖਰਚ ਕਰ ਰਿਹਾ ਹੈ ਪਰ ਮਸਲੇ ਜਿਓਂ ਦੇ ਤਿਓਂ ਹਨ। ਉਨਾਂ ਆਖਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਘੱਟੋ ਘੱਟ ਆਉਣ ਵਾਲੇ 25 ਸਾਲਾਂ ਦੌਰਾਨ ਸ਼ਹਿਰ ‘ਚ ਵਧਣ ਵਾਲੀ ਅਬਾਦੀ ਦੇ ਲਿਹਾਜ ਨਾਲ ਪਲਾਨਿੰਗ ਕਰਨੀ ਚਾਹੀਦੀ ਸੀ ਜੋ ਨਹੀਂ ਕੀਤੀ ਗਈ ਹੈ।