ਅਸ਼ੋਕ ਵਰਮਾ
ਮਾਨਸਾ, 21 ਫਰਵਰੀ 2020 - ਸੰਵਿਧਾਨ ਬਚਾਓ ਮੰਚ ਮਾਨਸਾ ਦਾ ਮੋਰਚਾ 10ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਸਵੀਰ ਕੌਰ ਨੱਤ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੌਮੀ ਕੌਂਸਲ ਮੈਂਬਰ ਨੇ ਕਿਹਾ ਕਿ ਔਰਤ ਦਿਵਸ ਦੇ ਮੌਕੇ 8 ਮਾਰਚ ਨੂੰ ਮਾਨਸਾ ਵਿਖੇ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਬੈਨਰ ਹੇਠਾਂ ਮਾਨਸਾ ਵਿੱਚ ਔਰਤਾਂ ਦਾ ਐਨਆਰਸੀ, ਸੀਏਏ ਅਤੇ ਐਨਪੀਆਰ ਕਾਨੂੰਨ ਦੀ ਵਾਪਸੀ ਲਈ ਇਤਿਹਾਸਕ ਇਕੱਠ ਕੀਤਾ ਜਾਵੇਗਾ ਅਤੇ ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਖਿਲਾਫ ਚੱਲ ਰਹੀ ਆਜ਼ਾਦੀ ਦੀ ਦੂਸਰੀ ਲੜਾਈ ਵਿੱਚ ਔਰਤਾਂ ਆਪਣਾ ਬਣਦਾ ਯੋਗਦਾਨ ਪਾਉਣਗੀਆਂ। ਜਿੰਨਾ ਚਿਰ ਇਹ ਕਾਲੇ ਕਾਨੂੰਨ ਦੀ ਵਾਪਸੀ ਨਹੀਂ ਹੁੰਦੀ, ਉਤਨਾ ਚਿਰ ਸ਼ਾਹੀਨ ਬਾਗ ਦੀ ਤਰ੍ਹਾਂ ਪੰਜਾਬ ਦੀਆਂ ਔਰਤਾਂ ਨੂੰ ਵੀ ਲਾਮਬੰਦ ਕਰਕੇ ਇਸ ਕਾਨੂੰਨ ਖਿਲਾਫ ਅੰਦੋਲਨ ਛੇੜਿਆ ਜਾਵੇਗਾ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੁੱਢਾ ਦਲ (ਸੁਰਜੀਤ ਸਿੰਘ ਗਰੁੱਪ) ਦੇ ਜਥੇਬੰਦਕ ਪ੍ਰਚਾਰਕ ਅਮਰੀਕ ਸਿੰਘ ਮੇਲਾ ਨੇ ਕਿਹਾ ਕਿ ਉਨ੍ਹਾਂ ਦਾ ਦਲ ਅੱਜ ਤੋਂ ਸੰਵਿਧਾਨ ਬਚਾਓ ਮੰਚ ਮਾਨਸਾ ਦਾ ਹਿੱਸਾ ਹੈ ਅਤੇ ਜਿੰਨਾ ਸਮਾਂ ਮੋਦੀ ਸਰਕਾਰ ਉਕਤ ਕਾਨੂੰਨ ਵਾਪਸ ਨਹੀਂ ਲੈਂਦੀ, ਬੁੱਢਾ ਦਲ ਪੰਜਾਬ ਵਿੱਚ ਅਤੇ ਜਿੱਥੇ ਵੀ ਦੇਸ਼ ਵਿੱਚ ਉਨ੍ਹਾਂ ਦੇ ਦਲ ਦੇ ਮੈਂਬਰ ਮੌਜੂਦ ਹਨ, ਇਸ ਐਕਟ ਦਾ ਵਿਰੋਧ ਕਰਨਗੇ ਅਤੇ 25 ਫਰਵਰੀ ਨੂੰ ਮਾਨਸਾ ਵਿੱਚ ਹੋਣ ਵਾਲੇ ਵਿਸ਼ਾਲ ਰੈਲੀ ਵਿੱਚ ਆਪਣੇ ਦਲ ਦੇ ਸਾਰੇ ਸਾਥੀਆਂ ਸਮੇਤ ਸ਼ਮੂਲੀਅਤ ਕਰਨਗੇ।
ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਗਵੰਤ ਸਮਾਓਂ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਕਿਹਾ ਕਿ ਉਨ੍ਹਾਂ ਵੱਲੋਂ 25 ਫਰਵਰੀ ਦੀ ਰੈਲੀ ਨੂੰ ਸਫਲ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸਨੂੰ ਬਹੁਤ ਚੰਗਾ ਹੁਲਾਰਾ ਮਿਲ ਰਿਹਾ ਹੈ। ਅੱਜ ਦੇ ਇਸ ਧਰਨੇ ਨੂੰ ਮੇਜਰ ਸਿੰਘ ਦੂਲੋਵਾਲ, ਧੰਨਾ ਮੱਲ ਗੋਇਲ, ਹੰਸ ਰਾਜ ਮੋਫਰ, ਗੁਰਸੇਵਕ ਸਿੰਘ ਜਵਾਹਰਕੇ ਅਕਾਲੀ ਦਲ (ਮਾਨ), ਰਾਜਿੰਦਰ ਸਿੰਘ ਜਵਾਹਰਕੇ ਸਾਬਕਾ ਸਰਪੰਚ, ਦਰਸ਼ਨ ਸਿੰਘ ਪੰਧੇਰ, ਹਰਗਿਆਨ ਸਿੰਘ ਮਾਸਟਰ, ਸੋਨੀ ਸਮਾਓਂ, ਮਾਸਟਰ ਆਤਮਾ ਸਿੰਘ ਪਮਾਰ ਬੀਐਸਪੀ, ਰਤਨ ਲਾਲ ਸੀਪੀਆਈ, ਪਵਨ ਸਿੰਘ ਰਮਦਿੱਤੇਵਾਲਾ, ਨਛੱਤਰ ਸਿੰਘ ਖੀਵਾ, ਕੇਵਲ ਸਿੰਘ ਅਕਲੀਆ, ਭਜਨ ਸਿੰਘ ਘੁੰਮਣ, ਮਹਿੰਦਰਪਾਲ ਅਤਲਾ ਤਰਕਸ਼ੀਲ ਸੁਸਾਇਟੀ, ਜਸਵੀਰ ਘੰਡ ਕਹਾਣੀਕਾਰ, ਸੁਰਜੀਤ ਸਿੰਘ ਕੋਟ ਧਰਮੂ, ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਮੁਸਲਿਮ ਫਰੰਟ ਤੋਂ ਨਿਆਜ਼ ਖਾਨ, ਗੁਲਾਮ ਨਬੀ, ਅਸਰੀਲ ਇਮਾਮ ਨੇ ਸ਼ਿਰਕਤ ਕੀਤੀ।