ਲੋਕੇਸ਼ ਰਿਸ਼ੀ
ਗੁਰਦਾਸਪੁਰ, 21 ਫਰਵਰੀ 2020 - ਪਿਛਲੇ 3 ਸੀਜ਼ਨਾਂ ਤੋਂ ਆਪਣੇ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੋਂ ਪਰੇਸ਼ਾਨ ਗੰਨਾ ਕਾਸ਼ਤਕਾਰਾਂ ਵੱਲੋਂ ਪਿਛਲੇ 12 ਦਿਨਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੀ ਪਨਿਆੜ ਖੰਡ ਮਿੱਲ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਲਗਾਤਾਰ ਰਾਤ ਦਿਨ ਸੜਕ 'ਤੇ ਗੁਜ਼ਾਰ ਰਹੇ ਇਹਨਾਂ ਗੰਨਾ ਕਾਸ਼ਤਕਾਰਾਂ ਦੀ ਮੁਸ਼ਕਿਲ ਦਾ ਹੁਣ ਤੱਕ ਕੋਈ ਹੱਲ ਨਹੀਂ ਹੋ ਸਕਿਆ। ਉੱਥੇ ਦੂਜੇ ਪਾਸੇ ਲੋਕ ਇਨਸਾਨ ਪਾਰਟੀ ਦੇ ਲੁਧਿਆਣਾ ਤੋਂ ਆਮ.ਐਲ.ਏ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਸ ਧਰਨੇ ਵਿੱਚ ਪਹੁੰਚ ਕੇ ਨਾ ਸਿਰਫ਼ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਬਲ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਗੰਨਾ ਬਕਾਏ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕ ਕੇ ਕਿਸਾਨਾਂ ਨੂੰ ਬਣਦਾ ਹੱਕ ਦਿਵਾਉਣ ਦਾ ਧਰਵਾਸਾ ਵੀ ਦਿੱਤਾ।
ਵਧੇਰੇ ਜਾਣਕਾਰੀ ਦਿੰਦਿਆਂ ਲੋਕ ਇਨਸਾਨ ਪਾਰਟੀ ਦੇ ਲੁਧਿਆਣਾ ਤੋਂ ਆਮ.ਐਲ.ਏ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਧਰਨਾ ਕਿਸੇ ਲੋਨ ਮਾਫ਼ੀ ਜਾਂ ਸਬਸਿਡੀ ਵਧਾਉਣ ਲਈ ਨਹੀਂ। ਬਲ ਕਿ ਗੰਨਾ ਕਾਸ਼ਤ ਕਾਰਾਂ ਵੱਲੋਂ ਆਪਣੀ ਫ਼ਸਲ ਦੀ ਕੀਮਤ ਲੈਣ ਲਈ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਸਾਫ਼਼ ਸਾਫ ਹੁਕਮ ਹਨ ਕੀ ਕਾਸ਼ਤਕਾਰ ਨੂੰ 14 ਦਿਨਾਂ ਤੋਂ ਬਾਦ ਜਿਨਸ ਦੀ ਕੀਮਤ ਵਿਆਜ ਸਮੇਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਵਿਆਜ ਦੇਣਾ ਤਾਂ ਦੂਰ ਦੀ ਗੱਲ ਪੰਜਾਬ ਸਰਕਾਰ ਸਰਕਾਰੀ ਅਤੇ ਸਹਿਕਾਰੀ ਮਿਲਾਂ ਤੋਂ ਕਿਸਾਨਾਂ ਨੂੰ ਅਸਲ ਕੀਮਤ ਵੀ ਨਹੀਂ ਦਵਾ ਰਹੀ।
ਬੈਂਸ ਨੇ ਕਿਹਾ ਕਿ ਬੀਤੀ 11 ਫਰਵਰੀ ਨੂੰ ਸਬੰਧਿਤ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਪੰਜਾਬ ਦੀਆਂ 8 ਮਿਲਾਂ ਵੱਲ ਕਿਸਾਨਾਂ ਦਾ 180 ਕਰੋੜ ਰੁਪਏ ਬਕਾਇਆ ਹੈ ਅਤੇ 60 ਕਰੋੜ ਰੁਪਏ ਉਸ ਰਕਮ ਦਾ ਵਿਆਜ ਵੱਖਰਾ। ਉਨ੍ਹਾਂ ਕਿਹਾ ਕਿ ਇਕੱਲਾ ਪੰਜਾਬ ਦਾ ਹੀ ਨਹੀਂ ਬਲ ਕੀ ਪੁਰੇ ਦੇਸ਼ ਦਾ ਕਿਸਾਨ ਅਜਿਹੀਆਂ ਅਦਾਇਗੀਆਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਨਾਲ ਨਾਲ ਕੇਂਦਰੀ ਭਾਜਪਾ ਸਰਕਾਰ ਵੀ ਕਿਸਾਨਾਂ ਨੂੰ ਜਿਨਸ ਦੀ ਕੀਮਤ ਸਮੇਂ ਸਿਰ ਦੇਣ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਸੀ। ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਧਰਨਾ ਲਗਾ ਕੇ ਬੈਠੇ ਕਿਸਾਨਾਂ ਕੋਲੋਂ ਲੋੜੀਂਦੇ ਕਾਗ਼ਜ਼ ਪ੍ਰਾਪਤ ਕਰ ਲਏ ਗਏ ਹਨ ਅਤੇ ਇਸ ਮੁੱਦੇ ਨੂੰ 4 ਤਰੀ ਤੱਕ ਚੱਲਣ ਵਾਲੇ ਵਿਧਾਨਸਭਾ ਸੈਸ਼ਨ ਵਿੱਚ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ।
ਉੱਥੇ ਦੂਜੇ ਪਾਸੇ ਪਿਛਲੇ 12 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਪਨਿਆੜ ਖੰਡ ਮਿੱਲ ਵੱਲੋਂ ਕਿਸਾਨਾਂ ਦਾ ਬਣਦਾ ਬਕਾਇਆ ਨਹੀਂ ਮੋੜਿਆ ਜਾਂਦਾ ਇਹ ਧਰਨਾ ਇਸੇ ਤਰਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੈਂਸ ਦੇ ਆਉਣ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੌਸਲੇ 'ਚ ਵਾਧਾ ਹੋਇਆ ਹੈ ਅਤੇ ਉਮੀਦ ਹੈ ਕਿ ਬੈਂਸ ਇਸ ਮਸਲੇ ਨੂੰ ਵਿਧਾਨ-ਸਭਾ ਇਜਲਾਸ ਦੌਰਾਨ ਪ੍ਰਭਾਵੀ ਢੰਗ ਨਾਲ ਚੁੱਕੇ ਕੇ ਕਿਸਾਨਾਂ ਨੂੰ ਬਕਾਇਆ ਰਾਸ਼ੀ ਦਿਵਾਉਣ ਵਿੱਚ ਸਫਲ ਹੋਣਗੇ।