ਲੋਕੇਸ਼ ਰਿਸ਼ੀ
- ਖ਼ਾਕੀ ਆਪ ਹੀ ਅਣਸੁਰੱਖਿਅਤ
ਬਟਾਲਾ, 21 ਫਰਵਰੀ 2020 - ਬਟਾਲਾ ਤੋਂ ਪੰਜਾਬ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਵਧਦੀਆਂ ਦੂਰੀਆਂ ਨੂੰ ਦਰਸਾਉਂਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਐੱਸ.ਐੱਸ.ਪੀ ਦਫ਼ਤਰ ਦੇ ਸਾਹਮਣੇ ਹੀ ਇੱਕ ਪੰਜਾਬ ਪੁਲਿਸ ਦੇ ਏ.ਐੱਸ.ਆਈ ਉੱਪਰ ਬਰਫ਼ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਅਣਗਿਣਤ ਵਾਰ ਹੋਰ ਕਾਰਨ ਏ.ਐੱਸ.ਆਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਫ਼ਿਲਹਾਲ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਜ਼ਖ਼ਮੀ ਦਾ ਇਲਾਜ ਚੱਲ ਹੈ। ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਦੌਰਾਨ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਸਮੇਂ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕਾਦੀਆਂ ਵਿਖੇ ਬਤੌਰ ਏ.ਐੱਸ.ਆਈ ਤਾਇਨਾਤ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਥਾਣੇ ਦੀ ਡਾਕ ਲੈ ਕੇ ਐੱਸ.ਐੱਸ.ਪੀ ਬਟਾਲਾ ਦੇ ਦਫ਼ਤਰ ਵਿਖੇ ਆਇਆ ਸੀ ਅਤੇ ਜਿੱਦਾਂ ਹੀ ਵਾਪਸ ਪਰਤਣ ਲੱਗਾ ਤਾਂ ਐੱਸ.ਐੱਸ.ਪੀ ਦੇ ਦਫ਼ਤਰ ਦੇ ਸਾਹਮਣੇ ਇੱਕ ਦੁਕਾਨਦਾਰ ਨੇ ਉਸ ਉੱਪਰ ਬਰਫ਼ ਤੋੜਨ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਉਸ ਉੱਪਰ ਵਾਰ ਵਾਰ ਹਮਲੇ ਕਰਦਾ ਰਿਹਾ। ਜਿਸ ਕਾਰਨ ਉਹ ਬੇਸੁੱਧ ਹੋ ਕੇ ਡਿੱਗ ਪਿਆ ਅਤੇ ਆਸ ਪਾਸ ਦੇ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਹਾਲਾਂਕਿ ਘਟਨਾ ਦਾ ਕਾਰਨ ਪੁੱਛਣ ਤੇ ਬਲਵਿੰਦਰ ਸਿੰਘ ਨੇ ਕਿਸੇ ਵੀ ਕਾਰਨ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
ਉੱਥੇ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ ਅਤੇ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਦ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਨੇ ਬਾਕੀ ਹਨ ਅਤੇ ਬਿਆਨਾਂ ਦੇ ਅਧਾਰ 'ਤੇ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।