- ਪ੍ਰੀਖਿਆ ਕੇਂਦਰ 3 ਕਿਲੋਮੀਟਰ ਦੀ ਦੂਰੀ ਤੱਕ ਬਣਾਏ ਜਾਣ ਦਾ ਹੈ ਨਿਯਮ
ਫਿਰੋਜ਼ਪੁਰ, 21 ਫਰਵਰੀ 2020 - ਸਿੱਖਿਆ ਵਿਭਾਗ ਪੰਜਾਬ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਪ੍ਰੀਖਿਆ ਕੇਂਦਰ ਦੂਰ ਬਣਾਏ ਜਾਣ ਕਾਰਨ ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ ਹਨ। ਇਸ ਤੋਂ ਪਹਿਲਾ ਵੀ ਵਿਭਾਗ ਵਲੋਂ ਪ੍ਰੀਖਿਆ ਕੇਂਦਰ ਦੂਰ ਬਣਾਉਣ ਕਾਰਨ ਵਿਦਿਆਰਥੀਆਂ ਨਾਲ ਹਾਦਸੇ ਵਾਪਰੇ ਸਨ, ਪਰ ਵਿਭਾਗ ਨੇ ਉਨ੍ਹਾਂ ਘਟਨਾਵਾਂ ਨੂੰ ਨਜ਼ਰ ਅੰਦਾਜ ਕਰਦੇ ਹੋਏ ਇਕ ਵਾਰ ਫਿਰ ਪ੍ਰੀਖਿਆ ਕੇਂਦਰ ਦੂਰ ਬਣਾ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀਨੀਅਰ ਮੀਤ ਪ੍ਰਧਾਨ ਰਾਜੀਵ ਹਾਂਡਾ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਰੋਜ਼ਾਨਾ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਹਿੱਤਾਂ ਤੇ ਉਲਟ ਜਾਰੀ ਕੀਤੇ ਜਾਂਦੇ ਨਿਰਦੇਸਾਂ ਕਾਰਨ ਨਾਲ ਜਿੱਥੇ ਸੂਬੇ ਅੰਦਰ ਸਿੱਖਿਆ ਤੰਤਰ ਦਾ ਘਾਣ ਹੋ ਰਿਹਾ ਹੈ, ਉਥੇ ਇਨ੍ਹਾਂ ਨਿਰਦੇਸ਼ਾ ਕਾਰਨ ਮਾਸੂਮ ਜ਼ਿੰਦਗੀਆਂ ਵੀ ਖਤਰੇ ਵਿਚ ਪੈ ਗਈਆਂ ਹਨ। ਵਿਭਾਗ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਪ੍ਰੀਖਿਆ ਕੇਂਦਰ ਦੂਰ ਬਣਾਏ ਜਾਣ ਕਾਰਨ ਜਿੱਥੇ ਸਮੁੱਚੇ ਵਿਦਿਆਰਥੀ ਵਰਗ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਅਧਿਆਪਕ ਵੀ ਇਸ ਪ੍ਰਕਿਰਿਆ ਨਾਲ ਮੁਸ਼ਕਲ ਵਿਚ ਘਿਰ ਗਏ ਹਨ।
ਆਗੂਆਂ ਨੇ ਕਿਹਾ ਕਿ ਬੋਰਡ ਦਾ ਨਿਯਮ ਹੈ ਕਿ ਪ੍ਰੀਖਿਆ ਕੇਂਦਰ 3 ਕਿਲੋਮੀਟਰ ਦੀ ਦੂਰੀ ਤੱਕ ਬਣਾਏ ਜਾ ਸਕਦੇ ਹਨ, ਪਰ ਬੋਰਡ ਵਲੋਂ ਭੇਜੇ ਰੋਲ ਨੰਬਰਾਂ ਅਨੁਸਾਰ ਵਿਦਿਆਰਥੀਆਂ ਨੂੰ ਆਪਣੇ ਸਕੂਲ ਤੋਂ 10 ਤੋਂ 25 ਕਿਲੋਮੀਟਰ ਦੂਰ ਬਣੇ ਪ੍ਰੀਖਿਆ ਕੇਂਦਰਾਂ ਵਿਚ ਪੇਪਰ ਦੇਣ ਜਾਣਾ ਪਵੇਗਾ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਨੇੜੇ ਬਣਾਏ ਜਾਣ, ਵਿਭਾਗ ਦੇ ਇਸ ਕਾਰਨਾਮੇ ਨਾਲ ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਉਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਦੀ ਹੋਵੇਗੀ।