ਫਿਰੋਜ਼ਪੁਰ, 21 ਫਰਵਰੀ 2020 - ਫਿਰੋਜ਼ਪੁਰ ਦੇ ਪਿੰਡ ਮੇਹਰ ਸਿੰਘ ਵਾਲਾ ਵਿਖੇ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਜ਼ਖਮੀਂ ਹੋਣ ਜਾਣ 'ਤੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਂਝਾ ਪੁੱਤਰ ਅੱਲਾ ਦਿੱਤਾ ਵਾਸੀ ਲੱਖਵਾਲੀ ਹੈੱਡ ਥਾਣਾ ਹਨੂੰਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਉਹ ਘੋੜਾ ਟਰਾਲਾ 18 ਟਾਇਰੀ ਨੰਬਰ ਆਰ ਜੇ 31 ਜੀਏ 8898 'ਤੇ ਬਤੌਰ ਕੰਡਕਟਰ ਲੱਗਾ ਹੋਇਆ ਹੈ ਤੇ ਟਰਾਲੇ ਨੂੰ ਡਰਾਈਵਰ ਆਜ਼ਮ ਹੁਸੈਨ ਪੁੱਤਰ ਨਜੀਰ ਹੁਸੈਨ ਵਾਸੀ ਲੱਖਵਾਲੀ ਹੈੱਡ ਥਾਥਾ ਹਨੂੰਮਾਨਗੜ੍ਹ ਚਲਾ ਰਿਹਾ ਸੀ।
ਰਾਂਝਾ ਨੇ ਦੱਸਿਆ ਕਿ ਬੀਤੀ 20 ਫਰਵਰੀ 2020 ਨੂੰ ਜੋ ਰਾਜਸਥਾਨ ਤੋਂ ਮਾਰਬਲ ਲੋਡ ਕਰਕੇ ਜਮੂ ਜਾ ਰਹੇ ਸੀ ਤਾਂ ਰਸਤੇ ਵਿਚ ਇਕ ਟਰਾਲਾ 22 ਟਾਇਰੀ ਨੂੰ ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਭਿੱਟੇ ਵੱਡ ਥਾਣਾ ਰਾਜਾਸਾਸੀਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਚਿਲਾ ਰਿਹਾ ਸੀ, ਜਿਸ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੇ ਟਰਾਲੇ ਨੂੰ ਸਾਇਡ ਮਾਰੀ, ਜਿਸ ਨਾਲ ਉੁਨ੍ਹਾਂ ਦੇ ਟਰਾਲੇ ਦਾ ਕੈਬਿਨ ਨੁਕਸਾਨਿਆ ਗਿਆ ਤੇ ਡਰਾਈਵਰ ਆਜ਼ਮ ਹੁਸੈਨ ਦੇ ਕਾਫੀ ਸੱਟਾਂ ਲੱਗੀਆਂ ਤੇ ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਸਦਰ ਜ਼ੀਰਾ ਪੁਲਿਸ ਦੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਰਾਂਝਾ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਖਿਲਾਫ 304-ਏ, 279, 427 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ।