ਹਰਦਮ ਮਾਨ
ਸਰੀ, 21 ਫਰਵਰੀ 2020 - ਕੈਨੇਡਾ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ, ਪਾਸਾਰ ਹਿਤ ਸਰਗਰਮ “ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ” (ਪਲੀ) ਅਤੇ ਪੰਜਾਬ ਭਵਨ ਵੱਲੋਂ ਆਪੋ-ਆਪਣੇ ਪੱਧਰ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਉੱਦਮ ਜਿੱਥੇ ਪੰਜਾਬੀ ਸਾਹਿਤ, ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਅਚਾਰ ਨੂੰ ਪ੍ਰਫੁੱਲਤ ਕਰਨ ਹਿਤ ਵਿਸ਼ੇਸ਼ ਯੋਗਦਾਨ ਪਾ ਰਹੇ ਹਨ ਉਥੇ ਹੀ ਕੈਨੇਡਾ ਵਿਚ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਵਧੀਆ ਵਸੀਲਾ ਬਣ ਰਹੇ ਹਨ।
ਇਨ੍ਹਾਂ ਦੋਹਾਂ ਸੰਸਥਾਵਾ ਵੱਲੋਂ ਪੰਜਾਬੀ ਭਾਸ਼ਾ ਦਿਵਸ 23 ਫਰਵਰੀ 2020 ਨੂੰ ਮਨਾਇਆ ਜਾ ਰਿਹਾ ਹੈ। “ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ” (ਪਲੀ) ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਤੇ ਕਰਵਾਇਆ ਜਾ ਰਿਹਾ ਇਹ ਸਤਾਰਵਾਂ ਸਲਾਨਾ ਸਮਾਗਮ ਹੈ, ਜੋ 23 ਫਰਵਰੀ ਨੂੰ ਬਾਅਦ ਦੁਪਹਿਰ 1:30 ਤੋਂ 4:00 ਵਜੇ ਤੱਕ ਕਵਾਂਟਿਲਨ ਪੌਲੀਟੈਕਨਿਕ ਯੂਨੀਵਰਸਿਟੀ ਦੀ ਸਪਰੂਸ ਬਿਲਡਿੰਗ ਏਟਰੀਅਮ (12666 72 ਐਵੀਨਿਊ) ਸਰੀ, ਵਿਚ ਕੇ.ਪੀ.ਯੂ. ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੋਵੇਗਾ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਦਿਆਰਥੀ ਕਵਿਤਾਵਾਂ, ਗੀਤ ਪੇਸ਼ ਕੀਤੇ ਕਰਨਗੇ ਅਤੇ ਪੰਜਾਬੀ ਬੋਲੀ ਦੀ ਪੜ੍ਹਾਈ ਲਈ ਸਰਗਰਮ ਵਿਅਕਤੀਆਂ ਨੂੰ ਪਲੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਭਵਨ ਵੱਲੋਂ ਵੀ ਇਸੇ ਦਿਨ ਸ਼ਾਮ 4.30 ਵਜੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਪਿਛਲੇ ਦਿਨੀਂ ਸਦੀਵੀ ਤੌਰ ਤੇ ਰੁਖ਼ਸਤ ਹੋਏ ਪੰਜਾਬੀ ਦੇ ਦੋ ਮਹਾਨ ਸਾਹਿਤਕਾਰਾਂ ਜਸਵੰਤ ਸਿੰਘ ਕੰਵਲ ਅਤੇ ਡਾ. ਦਲੀਪ ਕੌਰ ਟਿਵਾਣਾ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਪੰਜਾਬ ਭਵਨ ਦੀ “ਵਾਲ ਆਫ ਫੇਮ” ਉਪਰ ਮਹਾਨ ਸਾਹਿਤਕਾਰ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਅਤੇ ਗੁਰਚਰਨ ਰਾਮਪੁਰੀ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਣਗੀਆਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com