ਚੰਡੀਗੜ੍ਹ, 22 ਫਰਵਰੀ 2020 - ਚੰਡੀਗੜ੍ਹ ਸੈਕਟਰ 11 ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਸ਼ਨੀਵਾਰ ਨੂੰ ਸੈਕਟਰ 11 ਦੇ ਕਮਿਊਨਿਟੀ ਸੈਂਟਰ ਵਿਖੇ ਹੋਈ। ਜਿਸ ਵਿੱਚ ਸਥਾਨਕ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਵੀ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਜੀ.ਪੀ.ਐੱਸ. ਸਾਹੀ ਨੇ ਕੀਤੀ। ਇਸ ਮੀਟਿੰਗ ਵਿੱਚ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਵਟਾਂਦਰੇ ਹੋਏ। ਸਥਾਨਕ ਕੌਂਸਲਰ ਤੋਂ ਇਲਾਵਾ ਨਗਰ ਨਿਗਮ ਚੰਡੀਗੜ੍ਹ ਦੇ ਇੰਜੀਨੀਅਰਿੰਗ ਵਿਭਾਗ ਦੇ ਕਈ ਕਰਮਚਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਮੀਟਿੰਗ 'ਚ ਸਫਾਈ, ਸੜਕਾਂ ਦੀ ਮੁਰੰਮਤ, ਸੀਵਰੇਜ ਦੀ ਸਮੱਸਿਆ, ਬਰਸਾਤੀ ਪਾਣੀ ਦੀਆਂ ਨਾਲੀਆਂ ਦੀ ਸਫਾਈ, ਬਿਜਲੀ ਦੀ ਪੂਰਤੀ, ਸੈਨੀਟੇਸ਼ਨ ਅਤੇ ਬਾਗਬਾਨੀ ਨਾਲ ਜੁੜੇ ਮੁੱਦੇ ਚੁੱਕੇ ਗਏ।
ਤਕਰੀਬਨ 2 ਘੰਟੇ ਚੱਲੀ ਇਸ ਮੀਟਿੰਗ ਵਿੱਚ ਸੈਕਟਰ 11 ਦੇ ਸਥਾਨਕ ਵਸਨੀਕਾਂ ਨੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ, ਸਟਰੀਟ ਲਾਈਟਾਂ, ਸੜਕਾਂ ਦੀ ਮੁਰੰਮਤ ਵਰਗੇ ਮੁੱਦੇ ਸਥਾਨਕ ਕੌਂਸਲਰ ਦੇ ਧਿਆਨ 'ਚ ਲਿਆਂਦੇ। ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਕੌਂਸਲਰ ਮਹੇਸ਼ਇੰਦਰ ਸਿੱਧੂ ਨੇ ਸਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਇਸ ਦੌਰਾਨ ਲੋਕਾਂ ਨੂੰ ਸਵੱਛ ਭਾਰਤ ਮੋਬਾਈਲ ਐਪ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਕੂੜੇ ਦੇ ਸੁਚਾਰੂ ਪ੍ਰਬੰਧ ਲਈ ਨਗਰ ਨਿਗਮ ਵੱਲੋਂ ਯਤਨ ਕੀਤੇ ਜਾ ਰਹੇ ਹਨ ਅਤੇ ਸਫਾਈ ਸੇਵਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਸਾਹੀ ਨੇ ਸਥਾਨਕ ਕੌਂਸਲਰ ਨੂੰ ਕਮਿਊਨਿਟੀ ਇਮਾਰਤ ਦੀ ਦੇਖਭਾਲ ਅਤੇ ਸੰਚਾਲਨ ਸੰਬੰਧੀ ਨੀਤੀ ਬਣਾਉਣ ਲਈ ਐੱਮ.ਸੀ. ‘ਤੇ ਦਬਾਅ ਪਾਉਣ ਲਈ ਕਿਹਾ। ਪ੍ਰਬੰਧਾਂ ਦੀ ਘਾਟ ਕਾਰਨ ਇਹ ਕਮਿਊਨਿਟੀ ਸੈਂਟਰ ਸਿਰਫ ਵਿਆਹ ਦਾ ਸਥਾਨ ਬਣ ਕੇ ਰਹਿ ਗਿਆ ਹੈ। ਇੱਥੇ ਖੇਡ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ, ਅਤੇ ਇੱਥੇ ਲਾਇਬ੍ਰੇਰੀ ਵੀ ਨਹੀਂ ਹੈ।