ਮਨਪ੍ਰੀਤ ਸਿੰਘ ਜੱਸੀ
- ਸ਼੍ਰੋਮਣੀ ਅਕਾਲੀ ਦਲ ਨੇ ਡੀਜੀਪੀ ਦਾ ਫੂਕਿਆ ਪੁਤਲਾ
ਅੰਮ੍ਰਿਤਸਰ, 23 ਫ਼ਰਵਰੀ 2020 - ਬੀਤੇ ਦਿਨ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ਕਿ ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਵਾਲੇ ਇੱਕ ਆਮ ਸਿੱਖ ਸ਼ਰਧਾਲੂ ਨੂੰ ਛੇ ਘੰਟੇ ਵਿੱਚ ਅੱਤਵਾਦੀ ਬਣਾਇਆ ਜਾ ਸਕਦਾ ਹੈ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀ.ਜੀ.ਪੀ. ਪੰਜਾਬ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਅੱਜ ਹਲਕਾ ਦੱਖਣੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਜੀਪੀ ਗੁਪਤਾ ਦਾ ਪੁਤਲਾ ਫੁਕਿਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ-ਅੰਦਰ ਡੀ.ਜੀ.ਪੀ. ਆਪਣਾ ਬਿਆਨ ਸਪੱਸ਼ਟ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਰੋਸ ਅੰਦੋਲਨ ਸ਼ੁਰੂ ਕਰੇਗਾ।
ਇਸ ਦੌਰਾਨ ਅਕਾਲੀ ਦਲ ਨੇ ਕਿਹਾ ਕਿ ਡੀ.ਜੀ.ਪੀ. ਪੰਜਾਬ ਨੇ ਕਰਤਾਰਪੁਰ ਸਾਹਿਬ ਜਾਣ ਵਾਲ਼ੇ ਸ਼ਰਧਾਲੂਆਂ ਨੂੰ ਅੱਤਵਾਦੀ ਕਹਿਕੇ ਆਪਣੀ ਛੋਟੀ ਮਾਨਸਿਕਤਾ ਦਾ ਹੀ ਸਬੂਤ ਨਹੀਂ ਦਿੱਤਾ ਸਗੋਂ ਇਸ ਬਿਆਨ ਪਿੱਛੇ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਵੀ ਸਾਫ ਨਜ਼ਰ ਆ ਰਹੀ ਹੈ। ਕਾਂਗਰਸ ਦੀ ਸਰਕਾਰ 'ਤੇ ਘਟੀਆ ਬਿਆਨ ਦੇਣ ਵਾਲ਼ੇ ਡੀ.ਜੀ.ਪੀ. ਖਿਲਾਫ ਯੂਥ ਅਕਾਲੀ ਅੰਮ੍ਰਿਤਸਰ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।