ਜਗਮੀਤ ਸਿੰਘ
- ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ
- ਧਮਾਕੇ ‘ਚ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਹੋਈ ਚਾਰ
- ਵੱਡੇ ਭਰਾ ਸਮੇਤ ਦੋ ਦਾ ਡੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਇਲਾਜ
ਭਿੱਖੀਵਿੰਡ, 23 ਫਰਵਰੀ 2020 - ਇਤਿਹਾਸਕ ਪਿੰਡ ਪਹੂਵਿੰਡ ਦੇ ਲੋਕਾਂ ਲਈ 2020 ਸਾਲ ਮੁਸੀਬਤਾਂ ਦਾ ਪਹਾੜ ਬਣ ਕੇ ਟੁੱਟ ਰਿਹਾ ਹੈ। ਕੁਝ ਦਿਨ ਪਹਿਲਾਂ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਤੋਂ ਕੱਢੇ ਗਏ ਨਗਰ ਕੀਰਤਨ ਦੇ ਪਿੰਡ ਡਾਲੇਕੇ ਨੇੜੇ ਧਮਾਕੇ ‘ਚ ਜਿਥੇ ਪਹਿਲਾਂ ਤਿੰਨ ਨੌਜਵਾਨਾਂ ਗੁਰਕੀਰਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਹੈ, ਉਥੇ ਧਮਾਕੇ ‘ਚ ਗੰਭੀਰ ਜਖਮੀ ਹੋਏ ਪਿੰਡ ਦੇ ਕਿਸਾਨ ਸੁਖਰਾਜ ਸਿੰਘ ਦੇ ਦੋਵਾਂ ਪੁੱਤਰਾਂ ਵਿਚੋਂ ਛੋਟੇ ਪੁੱਤਰ ਹਰਮਨਦੀਪ ਸਿੰਘ (14) ਦੀ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਨਾਲ ਇਲਾਕੇ ਵਿਚ ਇਕ ਵਾਰ ਫੇਰ ਮਾਤਮ ਛਾ ਗਿਆ।
ਦੱਸਣਯੋਗ ਹੈ ਕਿ ਧਮਾਕੇ ‘ਚ ਜਖਮੀ ਹੋਏ ਨੌਜਵਾਨਾਂ ਵਿਚੋਂ ਕੁਝ ਨੌਜਵਾਨ ਠੀਕ ਹੋ ਕੇ ਆਪਣੇ ਪਰਿਵਾਰਾਂ ਵਿਚ ਵਾਪਸ ਆ ਗਏ, ਜਦੋਂ ਕਿ ਕਿਸਾਨ ਸੁਖਰਾਜ ਸਿੰਘ ਦੇ ਦੋਵੇਂ ਪੁੱਤਰ ਹਰਨੂਰ ਸਿੰਘ (18) ਤੇ ਹਰਮਨਦੀਪ ਸਿੰਘ (14), ਗੁਰਸਿਮਰਨ ਸਿੰਘ ਪੁੱਤਰ ਦਿਲਬਾਗ ਸਿੰਘ ਸਾਰੇ ਵਾਸੀਆਨ ਪਿੰਡ ਪਹੂਵਿੰਡ ਦਾ ਡੀ.ਐਮ.ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਇਲਾਕੇ ਦੇ ਲੋਕਾਂ ਵੱਲੋਂ ਜਖਮੀ ਨੌਜਵਾਨਾਂ ਦੀ ਤੰਦਰੁਸਤੀ ਲਈ ਰੱਬ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ।
ਹਰਮਨਦੀਪ ਸਿੰਘ ਦੀ ਮੌਤ ਦੀ ਜਾਣਕਾਰੀ ਮਿਲਣ ‘ਤੇ ਜਿਥੇ ਇਲਾਕੇ ਦੇ ਲੋਕ ਵੱਡੀ ਤਾਦਾਤ ਵਿਚ ਹਰਮਨ ਦੇ ਘਰ ਪਹੁੰਚੇ, ਉਥੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਮਾਰਕੀਟ ਕਮੇਟੀ ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਪ੍ਰਧਾਨ ਕ੍ਰਿਸ਼ਨਪਾਲ ਜੱਜ, ਸਾਬਕਾ ਸਰਪੰਚ ਅਮਰਜੀਤ ਸਿੰਘ, ਬਾਬਾ ਹਰਮਿੰਦਰ ਸਿੰਘ, ਕੈਪਟਨ ਬਲਵੰਤ ਸਿੰਘ, ਰੰਗਲਾ ਪੰਜਾਬ ਫਰੈਂਡਜ ਕਲੱਬ ਸੇਵਾਦਾਰ ਗੁਲਸ਼ਨ ਕੁਮਾਰ, ਗੁਰਜੰਟ ਸਿੰਘ ਕਲਸੀ, ਹੈਪੀ ਸੰਧੂ, ਸਰਵਨ ਸਿੰਘ ਪਹੂਵਿੰਡ, ਪ੍ਰਚਾਰਕ ਸਕੱਤਰ ਸਿੰਘ, ਰੰਗਾ ਸਿੰਘ, ਡਾ.ਦਲਵਿੰਦਰ ਸਿੰਘ ਆਦਿ ਨੇ ਮ੍ਰਿਤਕ ਨੌਜਵਾਨ ਦੇ ਘਰ ਪਹੁੰਚ ਕੇ ਮਾਤਾ ਰਾਜਵਿੰਦਰ ਕੌਰ ਸਮੇਤ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਖਬਰ ਲਿਖੇ ਜਾਣ ਤੱਕ ਮ੍ਰਿਤਕ ਨੌਜਵਾਨ ਹਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਘਰ ਨਹੀਂ ਸੀ ਪਹੁੰਚੀ।