- ਸੁਖਬੀਰ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਪ੍ਰਵਾਨ, ਰੈਲੀ ਵਿਚਲੇ ਇਕੱਠ ਤੋਂ ਟਕਸਾਲੀ ਬਾਗੋਬਾਗ
ਸੰਗਰੂਰ, 23 ਫਰਵਰੀ 2020 - ਸੰਗਰੂਰ 'ਚ ਬਾਦਲਾਂ ਦੀ ਰੈਲੀ ਦੇ ਜਵਾਬ ਵਜੋਂ ਢੀਂਡਸਾ ਪਿਉ ਪੁੱਤ ਨੇ ‘ਪੰਜਾਬ ਬਚਾਓ-ਪੰਥ ਬਚਾਓ’ ਨਾਂਅ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਢੀਂਡਸਿਆਂ ਨੇ ਇਸ ਮੌਕੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ ਤੇ ਬਾਦਲਾਂ ਨੂੰ ਉਨ੍ਹਾਂ ਦੇ ਹੀ ਅੰਦਾਜ਼ ਵਿਚ ਸਿਆਸੀ ਭਾਜੀ ਮੋੜ ਦਿੱਤੀ।
ਰੈਲੀ ਦੌਰਾਨ ਅਕਾਲ ਤਖ਼ਤ ਸਾਹਿਬ, ਐੱਸਜੀਪੀਸੀ ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਲਿਆ ਗਿਆ। ਇਸ ਨੂੰ ਸੰਗਰੂਰ ਦੀ ਧਰਤੀ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਮੁੜ ਸ਼ੁਰੂਆਤ ਕਰਾਰ ਦਿੱਤਾ ਗਿਆ।ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ‘ਜੇਕਰ ਇੱਕ ਵਿਅਕਤੀ ਦੀ ਕਾਰਗੁਜ਼ਾਰੀ ਖ਼ਿਲਾਫ਼ ਬੋਲਣਾ ਪਿੱਠ ’ਚ ਛੁਰਾ ਮਾਰਨਾ ਹੈ ਤਾਂ ਅਸੀਂ ਪਿੱਠ ’ਚ ਛੁਰਾ ਜ਼ਰੂਰ ਮਾਰਿਆ ਹੈ ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪ੍ਰੰਪਰਾ ਦਾ ਘਾਣ ਕਰ ਦਿੱਤਾ, ਉਨ੍ਹਾਂ ਨੂੰ ਸਵਾਲ ਕੌਣ ਕਰੇਗਾ?’ ਉਨ੍ਹਾਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵਲੋਂ ਇਸ ਥਾਂ ’ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹਨ। ਸ੍ਰੀ ਢੀਂਡਸਾ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ ਕਿ ਉਨ੍ਹਾਂ ਨੂੰ ਫ਼ੈਸਲਾ ਲੈਣ ’ਚ ਦੇਰੀ ਹੋਈ ਹੈ। ਪਰਮਿੰਦਰ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਵੱਲੋਂ ਐੱਸਜੀਪੀਸੀ ਚੋਣਾਂ ਕਰਵਾਉਣ ਲਈ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕੇਂਦਰ ’ਚ ਭਾਈਵਾਲ ਭਾਜਪਾ ਨੂੰ ਐੱਸਜੀਪੀਸੀ ਚੋਣਾਂ ਕਰਵਾਉਣ ਤੋਂ ਰੋਕ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ’ਤੇ ਬੇਅਦਬੀ ਤੇ ਨਸ਼ਿਆਂ ਖ਼ਿਲਾਫ਼ ਪੜਤਾਲਾਂ ਠੱਪ ਕਰਵਾਉਣ ਦਾ ਦੋਸ਼ ਲਾਇਆ। ਪਰਮਿੰਦਰ ਨੇ ਦੋਸ਼ ਲਾਇਆ ਕਿ ਐੱਸਜੀਪੀਸੀ ਪ੍ਰਧਾਨ ਗੁਰੂ ਘਰਾਂ ਦੀ ਸੇਵਾ ਛੱਡ ਬਾਦਲ ਪਰਿਵਾਰ ਦੀ ਸੇਵਾ ਵਿਚ ਜੁਟਿਆ ਹੋਇਆ ਹੈ।
ਉਥੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਬੋਲਦਿਆਂ ਕਿਹਾ ਕਿ ਅੱਜ ਦੀ ਰੈਲੀ ਨੇ ਸੁਖਬੀਰ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ, ਐਚ.ਐੱਸ. ਫੂਲਕਾ ਸਮੇਤ ਸਾਰੀਆਂ ਹਮਖ਼ਿਆਲ ਧਿਰਾਂ ਨਾਲ ਮਿਲ ਕੇ ਪਹਿਲਾਂ ਐੱਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਧਰਮ ਨੂੰ ਬਚਾਉਣ ਦੀ ਹੈ ਅਤੇ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੇ ਕਾਫ਼ਲੇ ’ਚ ਸ਼ਾਮਲ ਹੋਣਗੀਆਂ।
ਰੈਲੀ ਦੌਰਾਨ, ਬ੍ਰਹਮਪੁਰਾ, ਰਾਮੂਵਾਲੀਆਂ, ਸੇਖਵਾਂ, ਅਤੇ ਜੀਕੇ ਨੇ ਬਾਦਲ ਪਰਿਵਾਰ 'ਤੇ ਜੰਮ ਕੇ ਨਿਸ਼ਾਨੇ ਲਾਏ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, "ਬਾਦਲਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਰੀ ਸਿੱਖ ਕੌਮ ਨੂੰ ਦਾਅ ਉਤੇ ਲਗਾ ਦਿੱਤਾ ਹੈ ਅਤੇ ਢੀਂਡਸਾ ਨੇ ਬਾਦਲ ਉਨ੍ਹਾਂ ਉਤੇ ਕਾਂਗਰਸ ਨਾਲ ਮਿਲੇ ਹੋਣ ਦੇ ਇਲਜ਼ਾਮ ਵੀ ਲਾਏ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਗਰੂਰ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰੈਲੀ ਕੀਤੀ ਸੀ। ਜਿਸ ਵਿਚ ਦੋਵਾਂ ਬਾਦਲਾਂ ਨੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਉਤੇ ਤਿੱਖੇ ਹਮਲੇ ਕੀਤੇ ਸਨ।