ਅਸ਼ੋਕ ਵਰਮਾ
ਬਠਿੰਡਾ 24 ਫਰਵਰੀ2020। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਅੰਦਰੂਨੀ ਸੰਕਟ ਅਜੇ ਵੀ ਥਮਦਾ ਨਜ਼ਰ ਨਹੀਂ ਆ ਰਿਹਾ ਹੈ। ਜਿੱਥੇ ਵੱਖ ਵੱਖ ਅਹੁਦੇਦਾਰਾਂ ਵੱਲੋਂ ਅਸਤੀਫੇ ਦੇਣ ਦਾ ਸਿਲਸਿਲਾ ਜਾਰੀ ਹੈ, ਉੱਥੇ ਕੱਲ੍ਹ ਸਿਹਤ ਵਿਗਿਆਨ ਦੇ ਪੰਜਾਬੀ ਲੇਖਕ ਤੇ ਵੱਖ ਪੰਜਾਬੀ ਅਖਬਾਰਾਂ ਦੇ ਨਾਮਵਰ ਕਾਲਮਨਵੀਸ ਡਾਕਟਰ ਅਜੀਤਪਾਲ ਸਿੰਘ ਨੂੰ ਸਾਹਿਤ ਸਭਾ ਦੇ ਕੋਰ ਗਰੁੱਪ "ਪੰਸਾਸ" ਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਜਿਸ ਦੀ ਵੱਖ ਵੱਖ ਹਲਕਿਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਡਾ ਅਜੀਤਪਾਲ ਸਿੰਘ ਨੇ ਪ੍ਰੈੱਸ ਨੂੰ ਦੱਸਿਅਾ ਕਿ ਵਿਰੋਧੀ ਵਿਚਾਰਾਂ ਨੂੰ ਸਹਿਣ ਨਾ ਕਰਨ ਦੇ ਸਿੱਟੇ ਵੱਜੋਂ ਹੀ ਉਨ੍ਹਾਂ ਨੂੰ "ਪੰਸਾਸ" ਕੋਰ ਗਰੁੱਪ ਤੋਂ ਬਾਹਰ ਕੱਢਿਆ ਗਿਆ ਹੈ,ਇਕ ਗਰੁੱਪ ਵਟਸਐਪ ਤੇ ਚੱਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਅਹੁਦੇਦਾਰੀ ਤੋਂ ਅਸਤੀਫਾ ਦਿੱਤਾ ਹੈ ਪਰ ਅਜੇ ਵੀ ਉਹ ਸਭਾ ਦੇ ਮੁੱਢਲੇ ਮੈਂਬਰ ਹਨ। "ਪੰਸਾਸ" ਗਰੁੱਪ ਵਿੱਚੋਂ ਡਾਕਟਰ ਅਜੀਤਪਾਲ ਤੋਂ ਇਲਾਵਾ ਸੁਰਿੰਦਰਪ੍ਰੀਤ ਘਣੀਆ ਸਾਬਕਾ ਜਨਰਲ ਸਕੱਤਰ ਤੇ ਭੁਪਿੰਦਰ ਸੰਧੂ ਪ੍ਰਸਿੱਧ ਗ਼ਜ਼ਲਗੋ ਨੂੰ ਵੀ ਬਾਹਰ ਕੀਤਾ ਗਿਆ ਹੈ, ਜਦੋਂ ਕਿ ਸਭਾ ਦੇ ਅੰਦਰ ਸਭ ਤੋਂ ਵੱਧ ਵਿਰੋਧਕਾਰੀਆਂ ਪੈਦਾ ਕਰਨ ਵਾਲੇ ਉੱਤੇ ਅਜੇ ਵੀ ਕੋਈ ਅੈਕਸ਼ਨ ਨਹੀਂ ਲਿਅਾ ਗਿਅਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸਭਾ ਦੇ ਸਰਪ੍ਰਸਤ ਥਾਪੇ ਗੁਰਦੇਵ ਸਿੰਘ ਖੋਖਰ ਨੇ ਵੀ ਸਭਾ ਦੀ ਸਰਪਰਸਤੀ ਦਾ ਆਪਣਾ ਅਹੁੱਦਾ ਸਵੀਕਾਰ ਨਹੀਂ ਕੀਤਾ ਹੈ ਅਤੇ ਉਹਨਾਂ ਆਪਣੇ ਆਪ ਨੂੰ ਇਸ ਅਹੁੱਦੇਦਾਰੀ ਤੋਂ ਅਲੱਗ ਕਰ ਲਿਆ ਹੈ ਕਿਉਂਕਿ ਉਹ ਵੀ ਸਭਾ ਦੀ ਕਾਰਗੁਜਾਰੀ ਨਾਲ ਸਹਿਮਤ ਨਹੀਂ ਹਨ । ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਕੁੱਲ ਮਿਲਾ ਕੇ ਸਭਾ ਅੰਦਰ ਜਮਹੂਰੀ ਵਿਚਾਰਾਂ ਦੀ ਕੋਈ ਕਦਰ ਨਹੀਂ ਅਤੇ ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਜ਼ੁਬਾਨਬੰਦੀ ਕਰਨ ਦੇ ਇਸ ਅਮਲ.ਕਰਕੇ ਹੋਰ ਵੀ ਕੁਝ ਵਾਪਰਨ ਵਾਲਾ ਹੈ। ਉਨਾਂ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਇਸ ਸਭਾ ਦੀ ਜਨਰਲ ਬਾਡੀ ਮੀਟਿੰਗ ਕਰਨ ਦੀ ਸੋਚ ਰਹੇ ਹਨ, ਜਿਸ ਵਿੱਚ ਹੋਰ ਵੀ ਅਹਿਮ ਫੈਸਲੇ ਕੀਤੇ ਜਾਣਗੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਵਿੱਚੋਂ ਪ੍ਰਧਾਨ ਸਮੇਤ ਇੱਕ ਜਾਂਚ ਟੀਮ ਦੇ ਛੇਤੀ ਆਉਣ ਦੀ ਵੀ ਸੰਭਾਵਨਾ ਹੈ।