ਐਸ ਏ ਐਸ ਨਗਰ, ਫਰਵਰੀ 24, 2020: ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿੱਚ ਛੋਟੇ ਵਾਹਨਾਂ ਜਿਵੇਂ ਕਿ ਸਕੂਲ ਵੈਨਾਂ ਅਤੇ ਥ੍ਰੀ ਵ੍ਹੀਲਰਾਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਖਰੜ, ਮੋਹਾਲੀ ਸ਼ਹਿਰ (ਵਾਈ ਪੀ ਐਸ) ਅਤੇ ਖਰੜ-ਮੋਰਿੰਡਾ ਰੋਡ 'ਤੇ ਕੀਤੀ ਗਈ। ਇਸ ਤੋਂ ਕੁਝ ਦਿਨ ਪਹਿਲਾਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਸੀ।
ਇਹ ਜਾਣਕਾਰੀ ਦਿੰਦੇ ਹੋਏ ਆਰ ਟੀ ਏ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਚੈੱਕ ਕੀਤੇ ਗਏ ਕੁੱਲ 60 ਵਾਹਨਾਂ ਵਿੱਚੋਂ 37 ਦੇ ਚਲਾਨ ਕੀਤੇ ਗਏ ਜਦੋਂਕਿ 17 ਵਾਹਨ ਜ਼ਬਤ ਕਰ ਲਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜ਼ਬਤ ਕੀਤੇ ਗਏ ਵਾਹਨਾਂ ਵਿੱਚੋਂ ਜਿਆਦਾਤਰ ਬਿਨਾਂ ਪਰਮਿਟ ਤੋਂ, ੳਵਰਲੋਡ, ਸੀਸੀਟੀਵੀ ਰਹਿਤ ਅਤੇ ਬਿਨਾਂ ਕਿਸੇ ਮਹਿਲਾ ਅਟੈਂਡੈਂਟ ਦੇ ਸਨ।
ਇਸ ਚੈਕਿੰਗ ਮੁਹਿੰਮ ਵਿੱਚ ਏਡੀਟੀਓ ਸਿਮਰਨ ਸਰਾ, ਏਡੀਟੀਓ ਪ੍ਰਦੀਪ ਸਿੰਘ ਢਿੱਲੋਂ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਿਲ ਸਨ।
ਉਨਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਮੇਂ ਸਮੇਂ 'ਤੇ ਇਹ ਮੁਹਿੰਮ ਵਿੱਢੀ ਜਾਵੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।