← ਪਿਛੇ ਪਰਤੋ
ਆਂਢੀਆਂ ਗੁਆਂਢੀਆਂ ਅਤੇ ਭੈਣਾਂ ਨੇ ਨੱਚ ਗਾ ਕੇ ਖੁਸ਼ੀ ਮਨਾਈ ਅਸ਼ੋਕ ਵਰਮਾ ਬਠਿੰਡਾ 24 ਫਰਵਰੀ 2020: ਇੰਡੀਅਨ ਆਈਡਲ ਦਾ ਖਿਤਾਬ ਜਿੱਤਣ ਵਾਲੇ ਬਠਿੰਡਾ ਦੇ ਸਨੀ ਹਿੰਦੋਸਤਾਨੀ ਦੇ ਘਰ ਵਿਆਹ ਵਰਗਾ ਮਹੌਲ ਹੈ। ਬੀਤੀ ਰਾਤ ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਸਨੀ ਦੇ ਪ੍ਰੀਵਾਰਕ ਮੈਂਬਰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਸੜਕਾਂ ਤੇ ਭੰਗੜਾ ਪਾਇਆ ਅਤੇ ਆਤਿਸ਼ਬਾਜੀ ਕੀਤੀ। ਅੱਜ ਸਵੇਰੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸੰਨੀ ਦੀਆਂ ਭੈਣਾਂ ਰੇਖਾ ਅਤੇ ਸੀਮਾ ਉਰਫ ਠਾਕਰੀ ਨੇ ਕਿਹਾ ਕਿ ਉਨਾਂ ਕੋਲ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਨਾਂ ਆਖਿਆ ਕਿ ਉਨਾਂ ਦੇ ਭਰਾ ਨੂੰ ਐਨੀ ਵੱਡੀ ਸਫਲਤਾ ਮਿਲੇਗੀ ਉਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਪ੍ਰੀਵਾਰ ਨੇ ਇਸ ਮੌਕੇ ਵਧਾਈਆਂ ਦੇਣ ਵਾਲਿਆਂ ਦਾ ਮੂੰਹ ਵੀ ਮਿੱਠਾ ਕਰਵਾਇਆ। ਦੱਸਣਯੋਗ ਹੈ ਕਿ ਬੀਤੀ ਦੇਰ ਸ਼ਾਮ ਪੇਸ਼ ਪ੍ਰੋਗਰਾਮ ’ਚ ਬਠਿੰਡੇ ਦਾ ਸੰਨੀ ਹਿੰਦੋਸਤਾਨੀ ਇੰਡੀਅਨ ਆਈਡਲ ਦਾ 11ਵਾਂ ਜੇਤੂ ਬਣ ਗਿਆ ਹੈ। ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰ ਕੇ ਉਸ ਨੇ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। ਜਦੋਂ ਤੋਂ ਇੰਡੀਅਨ ਆਈਡਲ ਦਾ ਇਹ ਨਵਾਂ ਸੀਜ਼ਨ ਸ਼ੁਰੂ ਹੋਇਆ ਉਦੋਂ ਤੋਂ ਹੀ ਨਾ ਕੇਵਲ ਭਾਰਤ ਬਲਕਿ ਦੁਨੀਆ ਭਰ ਦੇ ਸੰਗੀਤ ਪ੍ਰਰੇਮੀਆਂ ਨੂੰ ਸੰਨੀ ਨੇ ਆਪਣੀ ਦਮਦਾਰ ਗਾਇਕੀ ਦਾ ਦੀਵਾਨਾ ਬਣਾਇਆ ਹੋਇਆ ਸੀ। ਮਰਹੂਮ ਨੁਸਰਤ ਫ਼ਤਹਿ ਅਲੀ ਖ਼ਾਨ ਦੇ ਗੀਤ ਤੇ ਗ਼ਜ਼ਲਾਂ ਪਾਉਣ ਕਾਰਨ ਉਸ ਨੂੰ ਨੁਸਰਤ ਦੀ ਰੂਹ ਕਿਹਾ ਜਾਣ ਲੱਗਾ ਹੈ। ਸੰਨੀ ਨੂੰ ਜਿੱਤਣ ਪਿੱਛੋਂ 25 ਲੱਖ ਰੁਪਏ ਦੀ ਸੋਨੀ ਟੀਵੀ ਵੱਲੋਂ ਰਾਸ਼ੀ ਤੋਂ ਇਲਾਵਾ ਇਕ ਲੱਖ ਰੁਪਏ ਦਾ ਵੱਖਰਾ ਚੈੱਕ ਤੇ ਕਾਰ ਵੀ ਮਿਲੀ ਹੈ। ਇਸ ਦੇ ਨਾਲ ਹੀ ਉਸ ਨੂੰ ਟੀ ਸੀਰੀਜ਼ ਦੀ ਫਿਲਮ ਵਿਚ ਗਾਉਣ ਦਾ ਮੌਕਾ ਵੀ ਮਿਲੇਗਾ। ਸੰਨੀ ਇਸ ਤੋਂ ਪਹਿਲਾਂ ਤਿੰਨ ਫਿਲਮਾਂ ਵਿਚ ਗਾਣੇ ਗਾ ਚੁੱਕਾ ਹੈ। ਉਸ ਨੇ ਸੋਚਿਆ ਵੀ ਨਹੀਂ ਸੀ ਉਹ ਇਸ ਮੁਕਾਮ ’ਤੇ ਪੁੱਜੇਗਾ। ਦੋਸਤਾਂ ਕਹਿਣ ’ਤੇ ਪੈਸੇ ਉਧਾਰੇ ਲੈ ਕੇ ਇੰਡੀਅਨ ਆਇਡਲ ਦੇ ਆਡੀਸ਼ਨ ਦੇਣ ਗਿਆ ਸੀ, ਜਦੋਂ ਕਿ ਮਾਂ ਨੇ ਘਰ ਦੇ ਹਾਲਤ ਦਾ ਹਵਾਲਾ ਦੇ ਕੇ ਰੋਕਿਆ ਸੀ। ਉਸ ਦਾ ਗਾਇਕੀ ਵਿਚ ਕੋਈ ਉਸਤਾਦ ਨਹੀਂ ਅਤੇ ਪ੍ਰਸਿੱਧ ਗਾਇਕ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਗਾਣਿਆਂ ਦੀ ਕੀਤੀ ਤਿਆਰੀ ਨੇ ਕਿਸਮਤ ਬਦਲੀ ਹੈ। ਸੰਨੀ ਨੂੰ ਬਾਲੀਵੁੱਡ ਦੀਆਂ ਦੋ ਫ਼ਿਲਮਾਂ ਵਿਚ ਉਸ ਨੂੰ ਗਾਉਣ ਦਾ ਮੌਕਾ ਵੀ ਮਿਲਿਆ ਹੈ। ਸੰਨੀ ਇੰਡੀਅਨ ਆਈਡਲ ਵਿਚ ਹਿੱਸਾ ਲੈਣ ਤੋਂ ਪਹਿਲਾਂ ਬੂਟ ਪਾਲਿਸ਼ ਕਰਦਾ ਸੀ ਪਰ ਕੁਦਰਤ ਵੱਲੋਂ ਮਿਲੇ ਸੁਰਾਂ ਨੇ ਉਸ ਨੂੰ ਮਹਿਜ਼ ਛੇ ਮਹੀਨਿਆਂ ਵਿਚ ਹੀ ਗਾਇਕੀ ਦੇ ਅੰਬਰ ਦਾ ਸਿਤਾਰਾ ਬਣਾ ਦਿੱਤਾ। ਸੰਨੀ ਦੇ ਪਿਤਾ ਸਵਰਗੀ ਨਾਨਕ ਵੀ ਬੂਟ ਪਾਲਿਸ਼ ਕਰਦੇ ਸਨ। ਉਨਾਂ ਦੀ ਜੰਮੂ ਵਿਚ ਆਏ ਹੜ ਦੌਰਾਨ ਮੌਤ ਹੋ ਗਈ ਸੀ। ਉਹ ਉੱਥੇ ਫ਼ੌਜੀਆਂ ਦੇ ਬੂਟ ਪਾਲਿਸ਼ ਕਰਨ ਜਾਂਦੇ ਹੁੰਦੇ ਸਨ। ਸੰਨੀ ਦੀ ਮਾਤਾ ਘਰ ਚਲਾਉਣ ਲਈ ਗੁਬਾਰੇ ਵੇਚਦੀ ਸੀ। ਪਤਾ ਲੱਗਿਆ ਹੈ ਕਿ ਸੰਨੀ ਦੇ ਪਿਤਾ ਵੀ ਵਿਆਹ ਸਾਦੀਆਂ ’ਚ ਗਾਉਣ ਜਾਂਦਾ ਸੀ। ਭੈਣ ਸਕੀਨਾ ਵੀ ਏਸੇ ਤਰਾਂ ਲੋਕਾਂ ਦੇ ਵਿਆਹਾਂ ਵਿਚ ਮੰਗਦੀ ਰਹੀ ਹੈ ਪਰ ਸੰਨੀ ਨੇ ਇੰਡੀਅਨ ਆਈਡਲ ਵਿਚ ਜਿੱਤ ਹਾਸਲ ਕਰਕੇ ਨਾ ਕੇਵਲ ਆਪਣੇ ਪਰਿਵਾਰ ਦਾ ਜੀਵਨ ਬਦਲ ਕੇ ਰੱਖ ਦਿੱਤਾ ਬਲਕਿ ਇਤਿਹਾਸ ਰਚਣ ’ਚ ਸਫਲ ਹੋ ਗਿਆ। ਗਰੈਂਡ ਫਿਨਾਲੇ ਦੌਰਾਨ ਸੰਨੀ ਦੀ ਮਾਂ ਤੇ ਭੈਣ ਸਕੀਨਾ ਵੀ ਹਾਜਰ ਸਨ ਜਿੰਨਾਂ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਨਹੀਂ ਰੁਕ ਰਹੇ ਸਨ। ਜੇਤੂ ਦਾ ਐਲਾਨ ਹੁੰਦਿਆਂ ਹੀ ਬਠਿੰਡੇ ਵਿਚ ਅੱਧੀ ਰਾਤ ਨੂੰ ਆਮ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਪਟਾਕੇ ਚਲਾਏ। ਮਨਪ੍ਰ੍ਰੀਤ ਨੇ ਦਿੱਤਾ ਦੋ ਲੱਖ ਇੰਡੀਅਨ ਆਈਡਲ ਸੰਨੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਘਰ ਦੀ ਉਸਾਰੀ ਲਈ ਦੋ ਲੱਖ ਰੁਪਿਆ ਦਿੱਤਾ ਗਿਆ ਹੈ। ਸੰਨੀ ਦੇ ਘਰ ’ਚ ਹੋਇਆ ਪਲਸਤਰ ਅਤੇ ਨਵੇਂ ਪੱਖੇ ਬਦਲੇ ਦਿਨਾਂ ਦੀ ਗਵਾਹੀ ਭਰਦੇ ਸਨ। ਸਨੀ ਦੇ ਅਗਲੇ ਦੋ ਤਿੰਨ ਦਿਨ ’ਚ ਬਠਿੰਡਾ ਪਰਤਣ ਦੀ ਸੰਭਾਵਨਾਂ ਹੈ।
Total Responses : 872