ਅਸ਼ੋਕ ਵਰਮਾ
ਮਾਨਸਾ, 24 ਫਰਵਰੀ 2020: ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਰੱਖੇ ਹੋਏ ਰਾਖਿਆਂ ਨੂੰ ਪੁਲਿਸ ਵੱਲੋਂ ਥਾਣਾ ਸਿਟੀ-1 ਮਾਨਸਾ ਵਿੱਚ ਬੰਦੇ ਕੀਤੇ ਤਿੰਨ ਰਾਖਿਆਂ ਨੂੰ ਰਿਹਾ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣੇ ਅੱਗੇ ਸ਼ੁਰੂ ਕੀਤਾ ਧਰਨਾ ਅੱਜ ਤਿੰਨ ਰਾਖਿਆਂ ਦੀ ਰਿਹਾਈ ਤੋਂ ਬਾਅਦ ਜੇਤੂ ਹੋ ਨਿਬੜਿਆਂ ਹੈ। ਜ਼ਿਕਰਯੋਗ ਹੈ ਕਿ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਖੋਖਰ ਖੁਰਦ-ਖੋਖਰ ਕਲਾਂ, ਭੈਣੀ ਬਾਘਾ ਸਮੇਤ ਪੰਜ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦੀ ਰਾਖੀ ਕਰਨ ਵਾਲੇ ਤਿੰਨ ਰਾਖਿਆਂ ਨੂੰ ਗਊਂਆਂ ਦੀ ਤਸਕਰੀ ਕਰਨ ਦੀ ਝੂਠੀ ਸ਼ਿਕਾਇਤ ਅਧੀਨ ਪਰਚਾ ਦਰਜ ਕੀਤਾ ਗਿਆ ਸੀ, ਜਿਸ ਸੰਬੰਧੀ ਇਨ੍ਹਾਂ ਨੂੰ ਕੱਲ ਗਿ੍ਰਫਤਾਰ ਕਰ ਲਿਆ ਗਿਆ ਸੀ। ਜੱਥੇਬੰਦੀ ਬੀ.ਕੇ.ਯੂ ਉਗਰਾਹਾਂ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਫੜੇ ਗਏ ਰਾਖਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਸੀ। ਜੋ ਰਾਤ ਸਮੇਂ ਵੀ ਜਾਰੀ ਰਿਹਾ। ਅੱਜ ਜੱਥੇਬੰਦੀ ਵੱਲੋਂ ਜਿਲ੍ਹੇ ਪੱਧਰ ਦੇ ਕਿਸਾਨਾਂ ਦਾ ਇਕੱਠ ਸੱਦਕੇ ਕੋਈ ਤਿੱਖਾ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਜਿਸ ਨੂੰ ਦੇਖਦਿਆਂ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਥਾਣੇ ਵਿੱਚ ਸੱਦ ਕੇ ਫੜੇ ਗਏ ਤਿੰਨ ਰਾਖਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਛੱਡੇ ਗਏ ਰਾਖਿਆਂ ਦੇ ਪਰਿਵਾਰਾਂ ਦੇ ਜੀਆਂ ਕੋਲੋਂ ਲਿਖਤੀ ਐਪਲੀਕੇਸ਼ਨ ਐਸ.ਐਸ.ਪੀ. ਦੇ ਨਾਮ ਮੌਕੇ ਪਰ ਪ੍ਰਾਪਤ ਕੀਤੀ ਗਈ, ਜਿਸ ਵਿੱਚ ਰਾਖਿਆਂ ਖਿਲਾਫ ਦਰਜ ਕੀਤਾ ਮੁਕੱਦਮਾ ਰੱਦ ਕਰਨ ਦੀ ਬੇਨਤੀ ਕੀਤੀ ਗਈ ਹੈ। ਥਾਣੇ ਵਿੱਚ ਹੋਈ ਰਾਖਿਆਂ ਦੀ ਰਿਹਾਈ ਤੋਂ ਬਾਅਦ ਥਾਣੇ ਅੱਗਿਓ ਧਰਨਾ ਚੁੱਕ ਕੇ ਰੇਲਵੇ ਵਿਭਾਗ ਦੀ ਜਗ੍ਹਾ ਵਿੱਚ ਜੇਤੂ ਰੈਲੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਉੱਪਰ ਅਵਾਰਾ ਪਸ਼ੂਆਂ ਦਾ ਟੈਕਸ ਲਗਾ ਰਹੀ ਹੈ ਪਰ ਪਸ਼ੂਆਂ ਦੀ ਸਾਂਭ-ਸੰਭਾਈ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜੇਕਰ ਕਿਸਾਨ ਆਪ ਫਸਲਾਂ ਨੂੰ ਬਚਾਉਣ ਲਈ ਰਾਖੇ ਰੱਖ ਕੇ ਉਪਰਾਲਾ ਕਰਦੇ ਹਨ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਇਹ ਗੱਲ ਹਾਜਮ ਨਹੀਂ ਹੋ ਪਾ ਰਹੀ। ਜਿਸ ਕਰਕੇ ਝੂਠੀਆਂ ਸ਼ਿਕਾਇਤਾਂ ਉੱਤੇ ਬਿਨਾਂ ਪੜਤਾਲ ਕੀਤਿਆਂ ਫਟਾ-ਫਟ ਅਮਲ ਕੀਤਾ ਜਾਂਦਾ ਹੈ ਅਤੇ ਰਾਖਿਆਂ ਨੂੰ ਬਿਨਾਂ ਕਸੂਰ ਤੋਂ ਪੁਲਿਸ ਦੀਆਂ ਹਵਾਲਾਤਾਂ ਜਾਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਫੜੇ ਗਏ ਤਿੰਨ ਰਾਖਿਆਂ ਦੀ ਰਿਹਾਈ ਲਈ ਜੱਥੇਬੰਦੀ ਅਤੇ ਪੰਚਾਇਤਾਂ ਸੰਘਰਸ਼ ਦੇ ਮੈਦਾਨ ਵਿੱਚ ਨਾ ਆਉਂਦੀਆਂ ਤਾਂ ਇਹ ਤਿੰਨ ਨਿਰਦੋਸ਼ ਰਾਖੇ ਕਿਸੇ ਜੇਲ੍ਹ ਵਿੱਚ ਬੰਦ ਕੀਤੇ ਜਾਣੇ ਸਨ। ਜੱਥੇਬੰਦੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਲਈ ਅਵਾਰਾ ਪਸ਼ੂਆਂ ਕੋਲੋਂ ਰਾਖੀ ਕਰਨ ਲਈ ਰੱਖੇ ਹੋਏ ਰਾਖਿਆਂ ਨੂੰ ਕਿਸੇ ਵੀ ਪਿੰਡ ਵਿੱਚ ਤੰਗ-ਪ੍ਰੇਸ਼ਾਨ ਕੀਤਾ ਤਾਂ ਜੱਥੇਬੰਦੀ ਸੰਬੰਧਤ ਪੁਲਿਸ ਸਟੇਸ਼ਨ ਦਾ ਫੋਰੀ ਘਿਰਾਓ ਕਰਨ ਤੋਂ ਗੁਰੇਜ ਨਹੀਂ ਕਰੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀ ਬਾਘਾ, ਬਿੱਟੂ ਸਿੰਘ ਖੋਖਰ ਖੁਰਦ, ਭਾਨ ਸਿੰਘ ਬਰਨਾਲਾ, ਟੋਨੀ ਸਿੰਘ ਅਤੇ ਦਰਸ਼ਨ ਸਿੰਘ ਭੈਣੀ ਬਾਘਾ, ਜਰਨੈਲ ਸਿੰਘ ਟਾਹਲੀਆਂ, ਰਾਮ ਸਿੰਘ ਭਲਾਈਕੇ, ਸਾਧੂ ਸਿੰਘ ਅਤੇ ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਦੋਦੜਾ, ਮੇਜਰ ਸਿੰਘ ਗੋਬਿੰਦਪੁਰਾ ਆਦਿ ਨੇ ਸੰਬੋਧਨ ਕੀਤਾ।