ਅਸ਼ੋਕ ਵਰਮਾ
ਮਾਨਸਾ 24 ਫਰਵਰੀ 2020: ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਚੱਲ ਰਿਹਾ ਸੀਏਏ, ਐਨਆਰਸੀ ਅਤੇ ਐਨਪੀਆਰ ਕਾਨੂੰਨ ਵਾਪਸ ਕਰਵਾਉਣ ਸਬੰਧੀ ਲਗਾਇਆ ਗਿਆ ਮੋਰਚਾ ਅੱਜ 13ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਇਸ ਮੋਰਚੇ ਵੱਲੋਂ ਕੱਲ੍ਹ 25 ਫਰਵਰੀ ਨੂੰ ਵਿਸ਼ਾਲ ਰੈਲੀ ਮਾਨਸਾ ਦੀ ਜਿਲ੍ਹਾ ਕਚਹਿਰੀ ਵਿੱਚ ਕੀਤੀ ਜਾ ਰਹੀ ਹੈ ਜਿਸ ਵਿੱਚ ਕੁੱਲ ਹਿੰਦ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਪ੍ਰਸ਼ੋਤਮ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸਤੋਂ ਇਲਾਵਾ ਸਿਰਾਜ ਅਹਿਮਦ ਪ੍ਰਧਾਨ ਜਮਾਇਤੇ ਉਲ ਹਿੰਦ ਮਲੇਰਕੋਟਲਾ, ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਨਾਇਬ ਸ਼ਾਹੀ ਇਮਾਮ ਜਾਮਾ ਮਸਜਿਦ ਲੁਧਿਆਣਾ, ਹਾਜੀ ਅਬਦੁਲ ਗੁੱਫਾਰ ਪ੍ਰਧਾਨ ਸਹਾਰਾ ਵੈਲਫੇਅਰ ਸੁਸਾਇਟੀ ਮਲੇਰਕੋਟਲਾ, ਹਾਜੀ ਨਜ਼ੀਰ ਸਾਹਿਬ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਪਟਿਆਲਾ, ਨਜ਼ੀਰ ਮੁਹੰਮਦ ਮੱਲਕੇ ਆਗੂ ਮੁਸਲਿਮ ਫਰੰਟ ਪੰਜਾਬ ਆਦਿ ਸ਼ਾਮਲ ਹੋ ਰਹੇ ਹਨ। ਇਸਤੋਂ ਇਲਾਵਾ ਬੁੱਢਾ ਦਲ ਵੱਲੋਂ ਆਪਣੇ ਦਲ ਖਾਲਸਾ ਇਸ ਰੈਲੀ ਵਿੱਚ ਸ਼ਾਮਲ ਹੋ ਕੇ ਸੀਏਏ, ਐਨਆਰਸੀ ਅਤੇ ਐਨਪੀਆਰ ਕਾਨੂੰਨ ਖਿਲਾਫ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਮੋਰਚੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਾ. ਰੁਲਦੂ ਸਿੰਘ ਮਾਨਸਾ, ਸੀਪੀਆਈ ਦੇ ਕਿ੍ਰਸ਼ਨ ਚੌਹਾਨ, ਪੀਕੇਯੂ ਡਕੌਂਦਾ ਮੱਖਣ ਸਿੰਘ, ਸਰਵ ਭਾਰਤ ਸਭਾ, ਰੇਖਾ ਸ਼ਰਮਾ ਐਡਵੋਕੇਟ, ਛੱਜੂ ਰਾਮ ਰਿਸ਼ੀ, ਭਜਨ ਸਿੰਘ ਘੁੰਮਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਮਾ. ਸੁਖਦੇਵ ਸਿੰਘ ਅਤਲਾ ਕਿਸਾਨ ਆਗੂ ਨੇ ਸੰਬੋਧਨ ਕੀਤਾ। ਇੰਨ੍ਹਾਂ ਆਗੂਆਂ ਨੇ ਕਿਹਾ ਕਿ 25 ਫਰਵਰੀ ਨੂੰ ਮਾਨਸਾ ਵਿੱਚ ਹੋਣ ਵਾਲੀ ਉਕਤ ਐਕਟ ਦੇ ਖਿਲਾਫ ਕੀਤੀ ਜਾਣ ਵਾਲੀ ਰੈਲੀ ਇਤਿਹਾਸਕ ਹੋ ਨਿਬੜੇਗੀ ਕਿਉਂਕਿ ਵੱਖ ਵੱਖ ਪਿੰਡਾਂ ਵਿੱਚ ਜੋ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਦੇ ਆਮ ਲੋਕਾਂ ਦੀ ਇਹ ਧਾਰਣਾ ਹੈ ਕਿ ਮੋਦੀ ਸਰਕਾਰ ਜੋ ਆਰਥਿਕ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਦੇਸ਼ ਵਿੱਚ ਬੇਰੋਜ਼ਗਾਰੀ ਵਧ ਰਹੀ ਹੈ, ਕਿਸਾਨ ਤੇ ਮਜ਼ਦੂਰ ਆਤਮਹੱਤਿਆਵਾਂ ਕਰ ਰਹੇ ਹਨ ਆਦਿ ਸਮੱਸਿਆਵਾਂ ਤੋਂ ਆਮ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਐਨਆਰਸੀ, ਸੀਏਏ ਅਤੇ ਐਨਪੀਆਰ ਵਰਗੇ ਫਿਰਕੂ ਕਾਨੂੰਨ ਲਿਆ ਰਹੀ ਹੈ ਅਤੇ ਮੋਦੀ ਸਰਕਾਰ ਦੇਸ਼ ਵਿੱਚ ਧਾਰਮਿਕ ਵਖਰੇਵਾਂ ਪੈਦਾ ਕਰਨਾਂ ਚਾਹੁੰਦੀ ਹੈ ਪਰ ਹੁਣ ਇਸ ਨੀਤੀ ਨੂੰ ਦੇਸ਼ ਵਾਸੀ ਸਮਝ ਚੁੱਕੇ ਹਨ ਅਤੇ ਦੇਸ਼ ਵਿੱਚ ਇੱਕ ਲੋਕ ਅੰਦੋਲਨ ਖੜ੍ਹਾ ਹੋ ਚੁੱਕਾ ਹੈ। ਜੇਕਰ ਇਹ ਕਾਲਾ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਇਹ ਅੰਦੋਲਨ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਸੁੱਟੇਗਾ। ਅੱਜ ਦੇ ਇਸ ਮੋਰਚੇ ਵਿੱਚ ਸ਼ਾਮਲ ਧਿਰਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਬੁਰਜ ਢਿੱਲਵਾਂ ਵਿੱਚ ਕੀਤੀ ਨੁੱਕੜ ਮੀਟਿੰਗ ਇੱਕ ਰੈਲੀ ਦਾ ਰੂਪ ਧਾਰ ਗਈ।