ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਮੁਅੱਤਲ ਡੀ. ਐੱਸ. ਪੀ. ਸੇਖੋਂ ਨੂੰ ਤਾੜਨਾ
-ਕਿਹਾ! ਲੋਕ ਆਗੂ ਵਜੋਂ ਜਾਣੇ ਜਾਂਦੇ ਭਾਰਤ ਭੂਸ਼ਣ ਆਸ਼ੂ ਨੂੰ ਬਦਨਾਮ ਕਰਨ ਤੋਂ ਬਾਜ ਆਵੇ
ਲੁਧਿਆਣਾ, 24 ਫਰਵਰੀ , 2020 :
ਪੰਜਾਬ ਦੇ ਖ਼ੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਨਿਰਾਰਥਕ ਦੱਸਦਿਆਂ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਤਾੜਨਾ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਲੋਕ ਆਗੂ ਵਜੋਂ ਜਾਣੇ ਜਾਂਦੇ ਭਾਰਤ ਭੂਸ਼ਣ ਆਸ਼ੂ ਨੂੰ ਬਿਨਾ ਵਜਾ ਬਦਨਾਮ ਕਰਨ ਤੋਂ ਬਾਜ ਆਵੇ। ਉਨਾਂ ਕਿਹਾ ਕਿ ਜਿਸ ਕਾਨੂੰਨ ਪ੍ਰਕਿਰਿਆ ਰਾਹੀਂ ਉਹ ਆਸ਼ੂ ਨੂੰ ਉਲਝਾਉਣ ਦੇ ਕੋਝੇ ਯਤਨ ਕਰ ਰਿਹਾ ਹੈ, ਉਸੇ ਕਾਨੂੰਨੀ ਪ੍ਰਕਿਰਿਆ ਰਾਹੀਂ ਆਸ਼ੂ ਬਾਇੱਜ਼ਤ ਬਰੀ ਹੋ ਚੁੱਕੇ ਹਨ।
ਉਨਾਂ ਕਿਹਾ ਕਿ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ ਜਾਣਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ 'ਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨਾਂ ਨੂੰ ਨਿਰਦੋਸ਼ ਐਲਾਨ ਦਿੱਤਾ ਸੀ। ਉਨਾਂ ਕਿਹਾ ਕਿ ਕਥਿਤ ਤੌਰ 'ਤੇ ਇਕ ਦਾਗ਼ੀ ਪੁਲਿਸ ਅਧਿਕਾਰੀ ਵਲੋਂ ਉਨਾਂ 'ਤੇ ਲਗਾਏ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀ.ਐਸ.ਪੀ. ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਮੰਤਵ ਉਨਾਂ ਦੇ ਸਿਆਸੀ ਕਿਰਦਾਰ 'ਤੇ ਧੱਬਾ ਲਾਉਣਾ ਹੈ।
ਵੈਦ ਨੇ ਕਿਹਾ ਕਿ ਕਾਨੂੰਨ ਆਪਣੇ ਮੁਤਾਬਿਕ ਕਾਰਵਾਈ ਕਰ ਰਿਹਾ ਹੈ, ਡੀ. ਐੱਸ. ਪੀ. ਸੇਖੋਂ ਨੂੰ ਕਾਨੂੰਨ 'ਤੇ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਮੁਤਾਬਿਕ ਹਾਲੇ ਉਸ ਦੇ ਕਾਲੇ ਚਿੱਠੇ ਲੋਕਾਂ ਸਾਹਮਣੇ ਲਿਆਂਦੇ ਜਾਣੇ ਹਨ।