ਲੋਕੇਸ਼ ਰਿਸ਼ੀ
ਗੁਰਦਾਸਪੁਰ, 25 ਫਰਵਰੀ 2020- ਮੰਗਲਵਾਰ ਤੜਕਸਾਰ ਬਟਾਲਾ ਵਿਖੇ ਘਰੋਂ ਕੰਮ ਲਈ ਨਿਕਲੇ ਸਬਜ਼ੀ ਵਪਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰ ਦੀ ਸੈਰ ਕਰ ਰਹੇ ਕੁੱਝ ਇਲਾਕਾ ਵਾਸੀਆਂ ਨੇ ਰਸਤੇ 'ਚ ਖ਼ੂਨ ਨਾਲ ਲੱਥ-ਪੱਥ ਪਈ ਲਾਸ਼ ਵੇਖੀ। ਮਿਰਤਕ ਦੀ ਪਹਿਚਾਣ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨਈਅਰ ਦੇ ਭਰਾ ਮੁਕੇਸ਼ ਨਈਅਰ ਵਾਸੀ ਭੰਡਾਰੀ ਮੁਹੱਲਾ ਬਟਾਲਾ ਵਜੋਂ ਹੋਈ ਹੈ ਜੋ ਕਿ ਸਬਜ਼ੀ ਦੀ ਆਹੜਤ ਚਲਾਉਂਦਾ ਸੀ। ਫ਼ਿਲਹਾਲ ਕਤਲ ਦੇ ਕਾਰਨਾਂ ਅਤੇ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਦੇ ਨਜ਼ਦੀਕ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਨਈਅਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਮੁਕੇਸ਼ ਸਬਜ਼ੀ ਦੀ ਆੜ੍ਹਤ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਰੋਜ਼ਾਨਾ ਦੀ ਤਰਾਂ ਤੜਕਸਾਰ 4 ਵਜੇ ਘਰੋਂ ਮੰਡੀ ਲਈ ਨਿਕਲਿਆ। ਪਰ ਜਦੋਂ ਸਵੇਰ ਦੇ 5 ਵੱਜ ਜਾਣ ਦੇ ਬਾਵਜੂਦ ਮੁਕੇਸ਼ ਮੰਡੀ ਨਹੀਂ ਪਹੁੰਚਿਆ ਤਾਂ ਉਸ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੇ ਘਰ ਫ਼ੋਨ ਕਰ ਕੇ ਪਰਿਵਾਰ ਨੂੰ ਮੁਕੇਸ਼ ਦੇ ਮੰਡੀ ਨਾ ਪਹੁੰਚਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਮੁਕੇਸ਼ ਦਾ ਫ਼ੋਨ ਸਵਿੱਚ ਆਫ਼ ਹੋਣ ਕਾਰਨ ਪਰਿਵਾਰ ਦੇ ਲੋਕਾਂ ਨੇ ਆਪ ਹੀ ਮੁਕੇਸ਼ ਦੀ ਭਾਲ ਸ਼ੁਰੂ ਕੀਤੀ ਅਤੇ ਇਸੇ ਦੌਰਾਨ ਕਰੀਬ ਸਵਾ ਪੰਜ ਵਜੇ ਮੁਕੇਸ਼ ਦੇ ਕਤਲ ਹੋਣ ਅਤੇ ਉਸ ਦੀ ਲਾਸ਼ ਸਥਾਨਕ ਭੰਡਾਰੀ ਮੁਹੱਲੇ ਦੇ ਬਾਜ਼ਾਰ ਵਿਖੇ ਪਈ ਹੋਣ ਦੀ ਜਾਣਕਾਰੀ ਮਿਲੀ। ਲਾਸ਼ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ।
ਉੱਥੇ ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਦ ਘਟਨਾ ਸਥਾਨ ਤੇ ਪਹੁੰਚੇ ਡੀ.ਐੱਸ.ਪੀ ਲਖਵਿੰਦਰ ਨੇ ਦੱਸਿਆ ਕਿ ਫ਼ਿਲਹਾਲ ਕਤਲ ਦੇ ਕਾਰਨਾਂ ਅਤੇ ਕਾਤਲਾਂ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ ਅਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਡੀ.ਐੱਸ.ਪੀ ਲਖਵਿੰਦਰ ਨੇ ਦਾਅਵਾ ਕੀਤਾ ਕਿ ਕਾਤਲਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।