ਅਸ਼ੋਕ ਵਰਮਾ
ਬਠਿੰਡਾ 25 ਫਰਵਰੀ 2020 - ਪੰਜਾਬ ਦੀਆਂ ਜਨਤਕ ਜਮਹੂਰੀ ਜੱਥੇਬੰੰਦੀਆਂ ਨੇ ਦਿੱਲੀ ’ਚ ਮੁਸਲਿਮ ਭਾਈਚਾਰੇ ਦੇ ਘਰਾਂ ਤੇ ਦੁਕਾਨਾਂ ਨੂੰ ਅੱਗਾਂ ਲਾਉਣ ਤੇ ਭੰਨ ਤੋੜ ਕਰਨ ਦੀ ਕਾਰਵਾਈ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਤਾਨਾਸ਼ਾਹ ਹਕੂਮਤ ਦੀ ਗਿਣੀ ਮਿਥੀ ਸਾਜਸ਼ਿ ਹੈ ਜੋ ਸੰਨ 84 ਦੇ ਸਿੱਖ ਕਤਲੇਆਮ ਦੀ ਯਾਦ ਤਾਜਾ ਕਰਵਾਉਂਦੀ ਹੈ। ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਸੀਏਏ,ਐਨ ਆਰ ਸੀ ਤੇ ਐਨ ਪੀ ਆਰ ਰਾਹੀਂ ਲੋਕਾਂ ਦੀ ਨਾਗਰਿਕਤਾ ਖੋਹਣ ਦੇ ਯਤਨਾਂ ਦਾ ਸਾਂਤਮਈ ਵਿਰੋਧ ਕਰਨ ਵਾਲੇ ਮੋਦੀ ਹਕੂਮਤ ਦੀ ਅੱਖ ਚ ਰੜਕ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਡਾਂਗਾ ਤੇ ਗੋਲੀਆਂ ਰਾਹੀਂ ਦਬਾਉਣ ਤੇ ਦੇਸ ਧਰੋਹ ਦੇ ਕੇਸ ਦਰਜ ਕਰਨ ਦੀ ਕੋਸਿਸ਼ ਕੀਤੀ ਗਈ ਪਰ ਜਦ ਸਫਲ ਨਹੀਂ ਹੋਈ ਤਾਂ ਉਹ ਹੁਣ ਭੀੜਾਂ ਨੂੰ ਉਕਸਾ ਕੇ ਮੁਸਲਮਾਨਾਂ ਅਤੇ ਉਨਾਂ ਦੇ ਘਰਾਂ/ਦੁਕਾਨਾਂ ਨੂੰ ਨਿਸਾਨਾ ਬਣਾਉਣ ਲੱਗੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਤਾਂ ਧਰਮਾਂ ਦੇ ਝਮੇਲਿਆਂ ਚ ਉਲਝਣ ਦੀ ਬਜਾਏ ਉਹ ਇਸ ਹਮਲੇ ਦਾ ਇੱਕਜੁੱਟ ਹੋਕੇ ਕੇ ਜਵਾਬ ਦੇਣ ਅਤੇ ਪੰਜਾਬ ਦੇ ਲੋਕ ਵੀ ਦਿੱਲੀ ਦੀਆਂ ਘਟਨਾਵਾਂ ਵਿਰੁੱਧ ਆਵਾਜ ਬੁਲੰਦ ਕਰਨ।
ਇਸੇ ਤਰਾਂ ਹੀ ਦਿੱਲੀ ਚ ਮੁਸਲਿਮ ਫਿਰਕੇ ਨੂੰ ਨਿਸ਼ਾਨਾ ਬਨਾਉਣ ਦੀ ਕਾਰਵਾਈ ਨੂੰ ਭਾਜਪਾ ਤੇ ਆਰ ਐਸ ਐਸ ਹਕੂਮਤ ਦੀ ਗਿਣੀ ਮਿਥੀ ਕਰਾਰ ਦਿੰਦਿਆਂ ਪੰਜਾਬ ਦੀਆਂ 14 ਸੰਘਰਸਸੀਲ ਜਨਤਕ ਜਥੇਬੰਦੀਆਂ ਨੇ ਇਨਾਂ ਘਟਨਾਵਾਂ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਜੋਗਿੰਦਰ ਸਿੰਘ ਉਗਰਾਹਾਂ , ਰਾਜਵਿੰਦਰ ਸਿੰਘ ਤੇ ਬੂਟਾ ਸਿੰਘ ਬੁਰਜ ਗਿੱਲ ਨੇ ਜਾਰੀ ਇੱਕ ਬਿਆਨ ਰਾਹੀਂ ਆਖਿਆ ਕਿ ਹਕੂਮਤ ਦੇ ਫਿਰਕੂ ਫਾਸੀ ਕਦਮਾਂ ਦਾ ਵਿਰੋਧ ਕਰਦੇ ਲੋਕਾਂ ਨੂੰ ਪਹਿਲਾਂ ਪੁਲਿਸ ਵਲੋਂ ਗੋਲੀਆਂ ਮਾਰਕੇ ਕਤਲ ਕਰਨ, ਅੰਨਾ ਤਸੱਦਦ ਢਾਹੁਣ ਤੋਂ ਇਲਾਵਾ ਉਨਾਂ ਨੂੰ ਗਦਾਰ ਠਹਿਰਾਉਣ ਵਰਗੇ ਜਹਿਰੀਲੇ ਪ੍ਰਚਾਰ ਦੀ ਹਨੇਰੀ ਵਗਾਉਣ ਦੇ ਬਾਵਜੂਦ ਵੀ ਜਦੋਂ ਉਹ ਲੋਕਾਂ ਦੇ ਹੱਕੀ ਵਿਰੋਧ ਨੂੰ ਕੁਚਲਣ ਤੇ ਕੁਰਾਹੇ ਪਾਉਣ ਦੇ ਆਪਣੇ ਮਨਸੂਬਿਆਂ ਚ ਸਫਲ ਨਹੀਂ ਹੋਈ ਤਾਂ ਹੁਣ ਉਹ ਮੁੜ ਕੱਟੜ ਭੀੜਾਂ ਨੂੰ ਭੜਕਾਕੇ ਮੁਸਲਮਾਨਾਂ ਅਤੇ ਉਨਾਂ ਦੇ ਘਰਾਂ ਮਕਾਨਾਂ ਤੇ ਹਮਲੇ ਕਰਵਾਉਣ ਤੇ ਉੱਤਰ ਆਈ ਹੈ। ਉਨਾਂ ਆਸ ਪ੍ਰਗਟਾਈ ਕਿ ਦੇਸ ਦੇ ਲੋਕ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਮੋਦੀ ਹਕੂਮਤ ਦੇ ਫਿਰਕੂ ਫਾਸੀ ਵਾਰਾਂ ਦਾ ਡਟਕੇ ਟਾਕਰਾ ਕਰਦੇ ਆ ਰਹੇ ਹਨ ਹੁਣ ਵੀ ਉਹ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਸ ਹਮਲੇ ਦਾ ਰਲ ਕੇ ਜਵਾਬ ਦੇਣਗੇ। ਉਨਾਂ ਐਲਾਨ ਕੀਤਾ ਕਿ ਪੰਜਾਬ ਦੇ ਸੰਘਰਸਸੀਲ ਲੋਕ ਜੋ ਪਹਿਲਾਂ ਹੀ ਨਾਗਰਿਕਤਾ ਹੱਕਾਂ ਤੇ ਬੋਲੇ ਹਮਲੇ ਖਿਲਾਫ ਮੈਦਾਨ ਚ ਨਿੱਤਰੇ ਹੋਏ ਹਨ ਉਹ ਦਿੱਲੀ ਦੀਆਂ ਘਟਨਾਵਾਂ ਵਿਰੁੱਧ ਆਪਣੇ ਸੰਘਰਸ ਨੂੰ ਹੋਰ ਵੀ ਤੇਜ ਕਰਨਗੇ । ਉਨਾਂ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 14 ਜਥੇਬੰਦੀਆਂ ਵੱਲੋਂ ਸੀਏਏ ਐਨ ਆਰ ਸੀ ਤੇ ਐਨ ਪੀ ਆਰ ਖਿਲਾਫ ਉਲੀਕੇ ਵਿਰੋਧ ਹਫਤੇ ਦੇ ਤਹਿਤ ਵੱਖ-ਵੱਖ ਥਾਵਾਂ ਤੇ ਕੀਤੇ ਜਾ ਰਹੇ ਪ੍ਰਦਰਸਨਾਂ ਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ।