ਅਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਆਪ ਆਗੂ ਦੀ ਮੌਤ
ਨਿਰਵੈਰ ਸਿੰਘ ਸਿੰਧੀ
ਮਮਦੋਟ , 25 ਫਰਵਰੀ 2020 :- ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ‘ਤੇ ਸਥਿਤ ਖਾਈ ਟੀ-ਪੁਆਇੰਟ ਦੇ ਲਾਗੇ ਆਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਦੇਰ ਸ਼ਾਮ ਨੂੰ ‘ਆਪ’ ਪਾਰਟੀ ਦੇ ਜ਼ਿਲ੍ਹਾ ਯੂਥ ਵਾਈਸ ਪ੍ਰਧਾਨ ਸਾਜਨ ਸੰਧੂ ਵਾਸੀ ਗੁਰੂਹਰਸਹਾਏ ਦੀ ਮੌਤ ਹੋ ਗਈ। ਨੌਜਵਾਨ ਆਗੂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਤੋਂ ਇਲਾਵਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਥਾਣਾ ਸਦਰ ਫਿਰੋਜ਼ਪੁਰ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਿਰੋਜ਼ਪੁਰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਜਿਸਤੋ ਉਪਰੰਤ ਬਾਅਦ ਦੁਪਹਿਰ ਕਰੀਬ 4 ਵਜੇ ਉਸਦਾ ਅੰਤਿਮ ਸੰਸਕਾਰ ਮੁਕਤਸਰ ਰੋਡ ਗੁਰੂਹਰਸਹਾਏ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ। ਦੂਸਰੇ ਪਾਸੇ ਪਾਰਟੀ ਆਗੂਆਂ ਨੇ ਦਿਨੋਂ ਦਿਨ ਆਵਾਰਾ ਪਸ਼ੂਆਂ ਦੀ ਵਧ ਰਹੀ ਸੰਖਿਆ ਦੇ ਉੱਪਰ ਕਾਬੂ ਪਾਉਣ ਦੀ ਮੰਗ ਕੀਤੀ ਹੈ ਤਾਂ ਜੋ ਦਿਨੋਂ ਦਿਨ ਹੱਸਦੇ ਵਸਦੇ ਉੱਜੜ ਰਹੇ ਘਰਾਂ ਨੂੰ ਬਚਾਇਆ ਜਾ ਸਕੇ । ਮ੍ਰਿਤਕ ਸਾਜਨ ਸੰਧੂ ਦੇ ਮਾਮਾ ਸਾਬਕਾ ਸਰਪੰਚ ਸਵਰਨ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਪਿੰਡ ਹਾਮਦ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਫ਼ਿਰੋਜ਼ਪੁਰ ਵੱਲ ਨੂੰ ਜਾ ਰਿਹਾ ਸੀ ਕਿ ਮਮਦੋਟ ਖਾਈ ਟੀ ਪੁਆਇੰਟ ਦੇ ਲਾਗੇ ਪੁਲਾਂ ਉੱਪਰ ਅਚਾਨਕ ਆਵਾਰਾ ਪਸ਼ੂ ਆ ਗਿਆ ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਅਤੇ ਗਰਦਨ ਦਾ ਮਣਕਾ ਟੁੱਟਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ | ਉਧਰ ਆਮ ਆਦਮੀ ਪਾਰਟੀ ਦੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਮਲਕੀਤ ਸਿੰਘ ਥਿੰਦ ਨੇ ਸਾਥੀਆਂ ਸਮੇਤ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਉੱਪਰ ਜਲਦ ਤੋਂ ਜਲਦ ਨੱਥ ਪਾਈ ਜਾਵੇ ਤਾਂ ਜੋ ਦਿਨੋਂ ਦਿਨ ਅਨਿਆਈ ਮੌਤ ਦਾ ਸ਼ਿਕਾਰ ਹੋ ਰਹੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਨੌਜਵਾਨ ਆਗੂ ਦੀ ਮੌਤ ਦੀ ਖਬਰ ਸੁਣਦਿਆਂ ਹੀ ਆਪ ਪਾਰਟੀ ਦੇ ਵਰਕਰ ਅਤੇ ਸਮਰਥਕ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਗਏ । ਇਸ ਦੁੱਖ ਦੀ ਘੜੀ ਵਿਚ ਡਾ ਮਲਕੀਤ ਥਿੰਦ ਹਲਕਾ ਗੁਰੂਹਰਸਹਾਏ ਇੰਚਾਰਜ , ਨਿਰਵੈਰ ਸਿੰਘ ਸਿੰਧੀ ਜਿਲਾ ਜੋਆਇੰਟ ਸਕੱਤਰ , ਜਗੀਰ ਸਿੰਘ ਹਜਾਰਾ , ਜਸਵਿੰਦਰ ਮੱਤੜ , ਬਲਵਿੰਦਰ ਸਿੰਘ ਰਾਉਕੇ, ਸੋਨੂ ਗਿੱਲ ਮਮਦੋਟ ਆਦਿ ਆਗੂਆਂ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ।
ਕੈਪਸ਼ਨ :- ਸਾਜਨ ਸੰਧੂ ਦੀ ਫਾਈਲ ਫੋਟੋ ।