ਮਨਪ੍ਰੀਤ ਸਿੰਘ ਜੱਸੀ
- 70 ਤੋਂ ਵੱਧ ਸਟਾਲਾਂ ਉਤੇ ਵਿਕੇਗਾ ਅੰਮ੍ਰਿਤਸਰ ਦਾ ਬਣਿਆ ਸਮਾਨ
- ਕਾਰੋਬਾਰ ਸ਼ੁਰੂ ਅਤੇ ਵਿਸਥਾਰ ਕਰਨ ਲਈ ਵੀ ਮਿਲੇਗੀ ਜਾਣਕਾਰੀ
ਅੰਮ੍ਰਿਤਸਰ, 25 ਫਰਵਰੀ 2020 - ਪਾਇਟੈਕਸ ਮੇਲੇ ਦੀ ਤਰਜ਼ ਉਤੇ ਅੰਮ੍ਰਿਤਸਰ ਵਿਚ ਵਪਾਰ ਅਤੇ ਕਾਰੋਬਾਰੀ ਮੇਲਾ, ਜਿਸ ਨੂੰ ਉਦਮੀ ਮੇਲੇ ਦਾ ਨਾਮ ਦਿੱਤਾ ਗਿਆ ਹੈ, 28 ਫਰਵਰੀ ਤੋਂ 1 ਮਾਰਚ ਤੱਕ ਆਈ. ਟੀ. ਆਈ. ਰਣਜੀਤ ਐਵੀਨਿਊ ਵਿਚ ਲਗਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਮੇਲੇ ਵਿਚ ਜਿੱਥੇ ਲੋਕ ਅੰਮ੍ਰਿਤਸਰ ਦੇ ਬਣੇ ਉਤਪਾਦ ਜਿਸ ਵਿਚ ਹੱਥ ਕਿਰਤਾਂ, ਪਿੱਤਲ ਦੇ ਭਾਂਡੇ, ਕੱਪੜੇ, ਖਾਣੇ ਵਾਲੇ ਪਦਾਰਥ, ਜੈਵਿਕ ਖੇਤੀ ਉਤਪਾਦ ਅਤੇ ਹੋਰ ਵਸਤਾਂ ਦੇ ਸਟਾਲ ਲੱਗਣਗੇ, ਜਿਥੋਂ ਲੋਕ ਖਰੀਦਦਾਰੀ ਕਰ ਸਕਣਗੇ।
ਮੇਲੇ ਵਿਚ ਪਿੰਗਲਵਾੜੇ ਦੇ ਬੱਚਿਆਂ ਅਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਕੈਦੀਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ ਵੀ ਵਿਕਰੀ ਲਈ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਉਕਤ ਉਤਪਾਦਕਾਂ ਨਾਲ ਕਾਰੋਬਾਰੀ ਸਾਂਝ ਪੈਦਾ ਕਰਨ ਲਈ ਵੀ ਇਹ ਮੇਲਾ ਮੀਲ ਪੱਥਰ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮੀਡੀਅਮ ਤੇ ਸਮਾਲ ਸਕੇਲ ਇੰਡਸਟਰੀਜ਼ ਭਾਰਤ ਸਰਕਾਰ ਵੱਲੋਂ ਇਹ ਮੇਲਾ 'ਮੇਕ ਇਨ ਅੰੰਮ੍ਰਿਤਸਰ' ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੇਲੇ ਵਿਚ ਤਿੰਨ ਦਿਨ ਹੀ ਵੱਖ-ਵੱਖ ਸੈਮੀਨਾਰ ਉਦਮੀ ਨੌਜਵਾਨਾਂ ਨੂੰ ਰਾਹੇ ਪਾਉਣ, ਉਤਸ਼ਾਹਿਤ ਕਰਨ ਅਤੇ ਉਨਾਂ ਦੇ ਮਸਲੇ ਹੱਲ ਕਰਨ ਲਈ ਚੱਲਦੇ ਰਹਿਣਗੇ, ਜਿਸ ਵਿਚ ਮਾਹਿਰ ਆਪਣੇ ਬੇਸ਼ਕੀਮਤੀ ਵਿਚਾਰ ਆਏ ਹੋਏ ਮਹਿਮਾਨਾਂ ਨਾਲ ਸਾਂਝੇ ਕਰਨਗੇ।
ਸ. ਢਿਲੋਂ ਨੇ ਦੱਸਿਆ ਕਿ ਸਾਡਾ ਮੰਤਵ ਅੰਮ੍ਰਿਤਸਰ ਦੇ ਉਤਪਾਦ, ਜੋ ਕਿ ਵਿਸ਼ਵ ਪੱਧਰੀ ਪਛਾਣ ਤੇ ਗੁਣਵਤਾ ਰੱਖਦੇ ਹਨ, ਨਾਲ ਆਮ ਲੋਕਾਂ ਦੀ ਸਾਂਝ ਪਾਉਣਾ ਤੇ ਕਾਰੋਬਾਰੀ ਰਿਸ਼ਤੇ ਜੋੜਨਾ ਹੈ, ਜਿਸ ਨਾਲ ਇਸ ਖੇਤਰ ਵਿਚ ਕਾਰੋਬਾਰ ਵਧੇ-ਫੁਲੇ ਅਤੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋਣ। ਉਨਾਂ ਇਸ ਮੌਕੇ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ, ਜੋ ਕਿ ਉਦਮੀ ਨੌਜਵਾਨਾਂ ਨੂੰ ਕਰਜ਼ਾ ਸਹੂਲਤਾਂ ਮੁਹੱਈਆ ਕਰਵਾ ਸਕਦੀਆਂ ਹਨ, ਦੇ ਜਾਣਕਾਰੀ ਡੈਸਕ ਸਥਾਪਿਤ ਕਰਨ ਲਈ ਹਦਾਇਤ ਕੀਤੀ।
ਸ. ਢਿਲੋਂ ਨੇ ਮੇਲੇ ਦੀ ਕਾਮਯਾਬੀ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਂਦੇ ਕਿਹਾ ਕਿ ਸਾਰੇ ਵਿਭਾਗ ਇਸ ਵਪਾਰ ਮੇਲੇ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਬਨਾਉਣ, ਤਾਂ ਜੋ ਇਸ ਖਿੱਤੇ ਵਿਚ ਨਵੇਂ ਕਾਰੋਬਾਰ ਦੇ ਮੌਕੇ ਪੈਦਾ ਹੋ ਸਕਣ ਤੇ ਉਦਮੀ ਨੌਜਵਾਨਾਂ ਨੂੰ ਭਰਪੂਰ ਜਾਣਕਾਰੀ ਮਿਲ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਐਸ ਪੀ ਸ੍ਰੀਮਤੀ ਜਸਵੰਤ ਕੌਰ, ਡਿਪਟੀ ਸੁਪਰਡੈਂਟ ਜੇਲ• ਹੇਮੰਤ ਸ਼ਰਮਾ, ਜੀ ਐਮ ਇੰਡਸਟਰੀ ਸ. ਬਲਵਿੰਦਰ ਸਿੰਘ, ਸ. ਦਲਬੀਰ ਸਿੰਘ ਛੀਨਾ ਮੁੱਖ ਖੇਤੀ ਅਧਿਕਾਰੀ, ਸ. ਬਾਜ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸ. ਬੀ ਐਸ ਢਿਲੋਂ ਡਿਪਟੀ ਡਾਇਰੈਕਟਰ ਕੇ ਵੀ ਕੇ ਅੰਮ੍ਰਿਤਸਰ, ਡੀ ਐਮ ਮਾਰਕਫੈਡ ਏ. ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।