ਅਸ਼ੋਕ ਵਰਮਾ
- ਨਸ਼ਾ ਮੁਕਤੀ, ਲਾਈਫ ਸਕਿੱਲ ਅਤੇ ਪਲਾਸਟਿਕ ਹਟਾਓ ਵਿਸ਼ਿਆਂ ਤੇ ਕੀਤੀ ਵਿਚਾਰ ਚਰਚਾ
ਬਠਿੰਡਾ, 25 ਫਰਵਰੀ 2020 - ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਵਿਖੇ ਬੱਡੀ ਸਕੀਮ ਦੇ ਜ਼ਿਲੇ ਦੇ ਨੋਡਲ ਅਫਸਰ-ਕਮ-ਪਿੰ੍ਰਸੀਪਲ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਇੰਜੀਨੀਅਰਿੰਗ ਕਾਲਜਾਂ, ਪਾਲੀਟੈਕਨਿਕ ਕਾਲਜਾਂ ਅਤੇ ਆਈ.ਟੀ.ਆਈਜ਼ ਦੇ ਬੱਡੀ ਸਕੀਮ ਦੇ ਨੋਡਲ ਅਫਸਰਾਂ ਦਾ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਮਕਸਦ ਇਹਨਾਂ ਕਾਲਜਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਦੂਰ ਰੱਖਣ ਅਤੇ ਜਿੰਦਗੀ ਜ਼ਿਉਣ ਦੇ ਹੁਨਰ ਬਾਰੇ ਜਾਗਰੂਕ ਕਰਨਾ ਸੀ।
ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਨੂੰ ਬੱਡੀ ਸਕੀਮ ਅਧੀਨ ਜ਼ਿਲਾ ਬਠਿੰਡਾ ਦੇ ਸਮੂਹ 36 ਤਕਨੀਕੀ ਸਿੱਖਿਆ ਕਾਲਜਾਂ ਦਾ ਨੋਡਲ ਅਫਸਰ ਲਗਾਇਆ ਗਿਆ ਹੈ ਅਤੇ ਇਸ ਅਧੀਨ ਸਾਰੇ ਕਾਲਜਾਂ ਵਿੱਚ 1849 ਵਿਦਿਆਰਥੀ ਬੱਡੀ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 547 ਸੀਨੀਅਰ ਬੱਡੀ ਅਤੇ 9106 ਬੱਡੀ/ਵਿਦਿਆਰਥੀ ਸ਼ਾਮਿਲ ਹਨ। ਕਾਲਜ ਦੇ ਪ੍ਰਧਾਨ ਵਿਦਿਆਰਥੀ ਫੰਡ ਸਲਾਹਕਾਰ ਕਮੇਟੀ ਮਨਜੀਤ ਸਿੰਘ ਭੁੱਲਰ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਸੈਮੀਨਾਰ ਦੇ ਮੁੱਖ ਬੁਲਾਰੇ ਸੰਯੁਕਤ ਰਾਸ਼ਟਰ ਵੱਲੋਂ ਪ੍ਰਵਾਨਤ ਏਡਜ਼ ਸਿੱਖਿਅਕ ਸ਼੍ਰੀ ਨਰਿੰਦਰ ਬੱਸੀ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਾਲਜਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾ ਕੇ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੌਕੇ ਨਰਿੰਦਰ ਬੱਸੀ ਨੇ ਆਪਣੇ ਸੰਬੋਧਨ ਵਿੱਚ ਪਹੁੰਚੇ ਸਮੂਹ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਤਾਂ ਕਿ ਪੰਜਾਬ ਸਰਕਾਰ ਦੀ ਇਸ ਬੱਡੀ ਗਰੁੱਪ ਮੁਹਿੰਮ ਨੂੰ ਘਰ-ਘਰ ਤੱਕ ਪਹੰੁਚਾਇਆ ਜਾ ਸਕੇ। ਉਹਨਾਂ ਡਿੱਗਦੀਆਂ ਸਮਾਜਿਕ ਕਦਰਾਂ-ਕੀਮਤਾਂ ਤੇ ਚਿੰਤਾ ਜਾਹਰ ਕਰਦਿਆਂ ਜਿੰਦਗੀ ਜਿਉਣ ਦਾ ਹੁਨਰ, ਪਰਿਵਾਰਕ ਰਿਸ਼ਤਿਆਂ, ਵਾਤਾਵਰਣ ਸਾਂਭ-ਸੰਭਾਲ ਜਿਹੇ ਸਮਾਜਿਕ ਵਿਸ਼ਿਆਂ ਤੇ ਤੱਥਾਂ ਸਹਿਤ ਜਾਣਕਾਰੀ ਦਿੱਤੀ।
ਉਨ੍ਹਾਂ ਇਹ ਵੀ ਕਿਹਾ ਕਿ ਪਲਾਸਟਿਕ ਤੋਂ ਬਣਿਆ ਸਮਾਨ ਸਾਡੇ ਵਾਤਾਵਰਣ ਨੂੰ ਵੱਡੇ ਪੱਧਰ ਤੇ ਦੂਸ਼ਿਤ ਕਰ ਰਿਹਾ ਹੈ ਅਤੇ ਸਾਨੂੰ ਆਪਣੀ ਜ਼ਿੰਦਗੀ ਵਿੱਚੋਂ ਪਲਾਸਟਿਕ ਜਿਵੇਂ ਕਿ ਪਲਾਸਟਿਕ ਬੈਗ, ਪਲਾਸਟਿਕ ਤੋਂ ਬਣੀਆਂ ਖਾਣ-ਪੀਣ ਲਈ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਨੂੰ ਘੱਟ ਕਰਨਾ ਚਾਹੀਦਾ ਹੈ। ਉਨਾਂ ਇਸ ਮੌਕੇ ਇਸ ਮੌਕੇ ਹਾਜ਼ਰ ਸਮੂਹ ਸਰੋਤਿਆਂ ਨੂੰ ਕੱਪੜੇ ਦੇ ਥੈਲੇ ਅਤੇ ਸਵਾਮੀ ਵਿਵੇਕਾਨੰਦ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਵੀ ਵੰਡੀਆਂ। ਅੰਤ ਵਿੱਚ ਮੁਖੀ ਵਿਭਾਗ ਫਾਰਮੇਸੀ ਸ਼੍ਰੀਮਤੀ ਵਿਭਾ ਸ਼ਰਮਾਂ ਨੇ ਇਸ ਸੈਮੀਨਾਰ ਵਿੱਚ ਮੌਜੂਦ ਸਮੂਹ ਬੁਲਾਰਿਆਂ, ਨੋਡਲ ਅਫਸਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖੀ ਵਿਭਾਗ ਮਕੈਨੀਕਲ ਸੋਮਨਾਥ ਸ਼ਰਮਾਂ ਅਤੇ ਸਕੱਤਰ ਵਿਦਿਆਰਥੀ ਫੰਡ ਸਲਾਹਕਾਰ ਕਮੇਟੀ ਗੁਰਿੰਦਰ ਸਿੰਘ ਮਾਂਗਟ ਵੀ ਹਾਜ਼ਰ ਸਨ।