ਸ਼ਿਵ ਸੈਨਾ ਆਗੂ ਦੇ ਭਰਾ ਕਤਲ ਮਾਮਲੇ 'ਚ ਲਾਇਆ ਧਰਨਾ, ਐੱਸ.ਐੱਸ.ਪੀ ਦੇ ਧਰਵਾਸੇ ਮਗਰੋਂ ਕੀਤਾ ਸਮਾਪਤ
ਲੋਕੇਸ਼ ਰਿਸ਼ੀ
ਬਟਾਲਾ, 25 ਫਰਵਰੀ 2020 - ਮੰਗਲਵਾਰ ਤੜਕਸਾਰ ਬਟਾਲਾ ਵਿਖੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਿਵ ਸੈਨਾ ਆਗੂ ਰਮੇਸ਼ ਨਈਅਰ ਦੇ ਭਰਾ ਮੁਕੇਸ਼ ਨਈਅਰ ਕਤਲ ਮਾਮਲੇ 'ਚ ਸ਼ਿਵ ਸੈਨਿਕਾਂ ਵੱਲੋਂ ਸਥਾਨਕ ਗਾਂਧੀ ਚੌਂਕ ਵਿਖੇ ਮਿਰਤਕ ਦੇਹ ਰੱਖ ਕੇ ਜ਼ਬਰਦਸਤ ਰੋਸ ਮੁਜ਼ਾਹਿਰਾ ਕੀਤਾ ਗਿਆ। ਹਾਲਾਂ ਕਿ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਕਾਤਲਾਂ ਨੂੰ ਅਗਲੇ ਦੋ ਦਿਨਾਂ ਅੰਦਰ ਕਾਬੂ ਕੀਤੇ ਜਾਣ ਦੇ ਧਰਵਾਸੇ ਮਗਰੋਂ ਕਰੀਬ ਦੋ ਘੰਟੇ ਚੱਲੇ ਇਸ ਰੋਸ ਮੁਜ਼ਾਹਿਰੇ ਨੂੰ ਖ਼ਤਮ ਕਰ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਤੋਂ ਬਾਦ ਸੂਬੇ ਅੰਦਰ ਹਿੰਦੂ ਨੇਤਾਵਾਂ ਤੇ ਹੋਣ ਵਾਲੇ ਹਮਲਿਆਂ 'ਚ ਬੇਤਹਾਸ਼ਾ ਇਜ਼ਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੂਰ ਜਾਣ ਦੀ ਬਜਾਏ ਜੇ ਕਰ ਇੱਕ ਨਜ਼ਰ ਇਕੱਲੇ ਜ਼ਿਲ੍ਹਾ ਗੁਰਦਾਸਪੁਰ ਤੇ ਮਾਰੀ ਜਾਵੇ ਤਾਂ ਬੀਤੇ 10 ਦਿਨਾਂ ਦੇ ਅੰਦਰ ਇਹ ਦੂਸਰਾ ਹਮਲਾ ਹੈ। ਕਿਉਂ ਕਿ ਇਸ ਤੋਂ ਪਹਿਲਾਂ ਸਥਾਨਕ ਕਸਬਾ ਧਾਰੀਵਾਲ ਵਿਖੇ ਵੀ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਿਵ ਸੈਨਾ ਆਗੂ ਤੇ ਹਮਲਾ ਕਰ ਦਿੱਤਾ ਗਿਆ ਸੀ। ਜਿਸ ਵਿੱਚ ਸ਼ਿਵ ਸੈਨਾ ਆਗੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੇ ਦੋਸਤ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।
ਯੋਗਰਾਜ ਸ਼ਰਮਾ ਨੇ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੇ ਐਡੀਸ਼ਨਲ ਡੀ.ਜੀ.ਪੀ- ਆਰ.ਐਨ.ਢੋਕੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹਿੰਦੂ ਨੇਤਾਵਾਂ ਤੋਂ ਵਾਪਸ ਲਈ ਗਈ ਸੁਰੱਖਿਆ ਪੂਰੀ ਕਰਨ ਦੀ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸੇ ਦਾ ਨਤੀਜਾ ਹੈ ਕਿ ਬੀਤੇ 10 ਦਿਨਾਂ ਦੇ ਅੰਦਰ ਸਿਰਫ਼ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੋ ਹਿੰਦੂ ਲੋਕਾਂ ਦਾ ਕਤਲ ਹੋ ਚੁੱਕਾ ਹੈ। ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਬਣਦੀ ਹੈ। ਇਸ ਦੇ ਨਾਲ ਹੀ ਯੋਗਰਾਜ ਸ਼ਰਮਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਹਿੰਦੂਆਂ ਦੀ ਸੁਰੱਖਿਆ ਨਹੀਂ ਕਰਨਾ ਚਾਹੁੰਦੀ। ਤਾਂ ਹਿੰਦੂ ਆਪਣੀ ਸੁਰੱਖਿਆ ਆਪ ਕਰਨ 'ਚ ਸਮਰੱਥ ਹਨ ਅਤੇ ਸ਼ਿਵ ਸੈਨਾ ਜਲਦ ਹੀ ਸਰਕਾਰਾਂ ਦੀ ਇਸ ਬੇਰੁਖ਼ੀ ਵਿਰੁੱਧ ਬਟਾਲਾ ਤੋਂ ਇੱਕ ਵੱਖਰੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।
ਇਸ ਪੂਰੇ ਘਟਨਾਕ੍ਰਮ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਪ੍ਰਦਰਸ਼ਨ ਖ਼ਤਮ ਕੀਤੇ ਜਾਣ ਤੱਕ ਮੁੱਖ ਮੰਤਰੀ ਜਾਂ ਡੀ.ਜੀ.ਪੀ ਪੰਜਾਬ ਦੇ ਧਰਨਾ ਸਥਾਨ ਤੇ ਆਉਣ ਮਗਰੋਂ ਧਰਨਾ ਖ਼ਤਮ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ। ਪਰ ਧਰਨਾ ਸਥਾਨ ਤੇ ਪਹੁੰਚੇ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਸਮਝਾਏ ਜਾਣ ਤੇ ਸ਼ਿਵ ਸੈਨਿਕਾਂ ਵੱਲੋਂ ਧਰਨਾ ਚੁੱਕ ਲਿਆ ਗਿਆ।
ਇੱਥੇ ਦੱਸਣ ਯੋਗ ਹੈ ਕਿ ਸਥਾਨਕ ਕਸਬਾ ਧਾਰੀਵਾਲ ਦਾ ਹਮਲਾ ਹੁਣ ਤੱਕ ਕਿਸੇ ਵੀ ਕੱਟੜਪੰਥੀ ਤਾਕਤ ਵੱਲੋਂ ਕੀਤਾ ਗਿਆ ਸਾਬਿਤ ਨਹੀਂ ਹੋ ਸਕਿਆ ਅਤੇ ਮੰਗਲਵਾਰ ਨੂੰ ਮਰਨ ਵਾਲਾ ਭਾਵੇਂ ਸ਼ਿਵ ਸੈਨਾ ਆਗੂ ਦਾ ਭਰਾ ਸੀ। ਪਰ ਉਹ ਸ਼ਿਵ ਸੈਨਾ ਨੂੰ ਕਿਸੇ ਵੀ ਰੂਪ ਵਿੱਚ ਸਪੋਰਟ ਨਹੀਂ ਕਰਦਾ ਸੀ। ਉਕਤ ਕਤਲ ਮਾਮਲੇ 'ਚ ਪੁਲਿਸ ਭਾਵੇਂ ਕੁੱਝ ਵੀ ਕਹਿਣ ਤੋਂ ਬਚਦੀ ਨਜ਼ਰ ਆ ਰਹੀ ਹੈ। ਪਰ ਇਹ ਕਤਲ ਸਿੱਧੇ ਤੌਰ ਤੇ ਨਿੱਜੀ ਰੰਜਸ਼ ਦਾ ਜਾਪ ਰਿਹਾ ਹੈ।