- 3 ਪੱਤਰਕਾਰਾਂ 'ਤੇ ਵੀ ਹੋਏ ਹਮਲੇ
ਨਵੀਂ ਦਿੱਲੀ, 25 ਫਰਵਰੀ 2020 - ਦਿੱਲੀ 'ਚ ਅਜੇ ਵੀ ਮਾਹੌਲ ਤਣਾਅ ਪੂਰਨ ਹੈ ਅਤੇ ਦਿੱਲੀ ਹਿੰਸਾ ਵਿਚ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ ਤੇ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਉੱਥੇ ਹੀ ਇਕ ਚੈਨਲ ਦੇ 3 ਪੱਤਰਕਾਰਾਂ 'ਤੇ ਵੀ ਹਮਲੇ ਹੋਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਿੰਸਾ ਦਾ ਦੌਰਾਨ ਦਿੱਲੀ ਦੇ ਮੌਜਪੁਰ ਤੇ ਭਜਨਾਪੁਰ 'ਚ ਆਗਜਨੀ ਤੇ ਪੱਥਰਬਾਜ਼ੀ ਹੋਈ ਹੈ। ਹਿੰਸਾ ਦੇ ਚੱਲਦਿਆਂ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ) ਦੀਆਂ ਟੀਮਾਂ ਖਜੂਰੀ ਖ਼ਾਸ ਸਮੇਤ ਵੱਖ ਵੱਖ ਸਥਾਨਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਗਾਈ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਹੈ।
ਦਿੱਲੀ ਹਿੰਸਾ ਦੌਰਾਨ ਅੱਜ ਚਾਰ ਤੇ ਬੀਤੇ ਦਿਨ ਸੋਮਵਾਰ ਨੂੰ 5 ਲੋਕਾਂ ਦੀ ਮੌਤ ਹੋਈ ਸੀ। ਇਸ ਸਬੰਧੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਸੁਨੀਲ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਿਨਾਂ ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ.ਐਸ. ਰੰਧਾਵਾ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਤੇ ਲੋਕ ਅਫ਼ਵਾਹਾਂ 'ਤੇ ਧਿਆਨ ਨਾ ਦੇਣ। ਇਸ ਤੋਂ ਬਿਨਾਂ ਲੋਕਾਂ ਦੀ ਸੁਰੱਖਿਾ ਲਈ ਵੱਖ ਵੱਖ ਸਥਾਨਾਂ 'ਤੇ ਪੁਲਿਸ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।